ਜਲੰਧਰ ’ਚ ਨਿਹੰਗਾਂ ਤੇ ਪੁਲਿਸ ਵਿਚਾਲੇ ਝੜਪ, ਪੁਲਿਸ ਮੁਲਾਜ਼ਮ ’ਤੇ ਤਲਵਾਰ ਨਾਲ ਹਮਲਾ ਕਰਨ ਦੀ ਕੋਸ਼ਿਸ਼

ਜਲੰਧਰ:  ਗੜ੍ਹਾ ਰੋਡ ‘ਤੇ ਸਥਿਤ ਪਿਮਸ ਹਸਪਤਾਲ ਨੇੜੇ ਸ਼ਰਾਬ ਦੇ ਠੇਕੇ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦ ਹੋ ਗਿਆ। ਇਸ ਦੌਰਾਨ ਨਿਹੰਗਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਏ ਤੇ ਪੁਲਿਸ ਨੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਸਬੰਧੀ ਏਸੀਪੀ ਮਾਡਲ ਟਾਊਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿਮਸ ਹਸਪਤਾਲ ਨੇੜੇ ਸ਼ਰਾਬ ਦੇ ਠੇਕੇ ਨੂੰ ਨਿਹੰਗਾਂ ਵੱਲੋਂ ਜ਼ਬਰਦਸਤੀ ਬੰਦ ਕਰਵਾਇਆ ਜਾ ਰਿਹਾ ਹੈ ਤੇ ਪਹਿਲਾਂ ਵੀ ਇਸੇ ਠੇਕੇ ਕਾਰਨ ਕਈ ਵਾਰ ਨਿਹੰਗਾਂ ਦਾ ਟਾਕਰਾ ਹੋ ਚੁੱਕਾ ਹੈ।  ਜਦੋਂ ਪੁਲਿਸ ਫੋਰਸ ਉਥੇ ਪਹੁੰਚੀ ਤਾਂ ਨਿਹੰਗਾਂ ਨੇ ਪੁਲਿਸ ਉੱਤੇ ਤਲਵਾਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਮੁਲਾਜ਼ਮਾਂ ਨੇ ਤਲਵਾਰ ਖੋਹ ਲਈ। ਦੱਸ ਦਈਏ ਕਿ ਸ਼ਰਾਬ ਦੇ ਠੇਕੇ ਨੂੰ ਲੈ ਕੇ ਇਹ ਵਿਵਾਦ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਤੇ ਸਥਾਨਕ ਲੋਕ ਇਸ ਨੂੰ ਬੰਦ ਕਰਵਾਉਣ ਦੀ ਮੰਗ ਕਰ ਰਹੇ ਹਨ। ਲੋਕਾਂ ਨੇ ਇਲਜ਼ਾਮ ਲਗਾਇਆ ਸੀ ਕਿ ਠੇਕੇ ਦੇ ਬਾਹਰ ਮੇਜ਼ ’ਤੇ ਬੈਠ ਕੇ ਸ਼ਰਾਬ ਪਰੋਸੀ ਜਾਂਦੀ ਹੈ। ਜਿਸ ਕਾਰਨ ਲੋਕ ਰਾਤ ਨੂੰ ਸ਼ਰਾਬ ਪੀ ਕੇ ਹੰਗਾਮਾ ਕਰਦੇ ਹਨ।

About The Author