ਆਜ਼ਾਦੀ ਦਿਹਾੜੇ ਕਰਕੇ ਹਾਈ ਅਲਰਟ ’ਤੇ ਪੰਜਾਬ

Independence day 2023: ਆਜ਼ਾਦੀ ਦਿਹਾੜੀ ਦੇ ਮੱਦੇਨਜ਼ਰ ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਹਾਈ ਅਲਰਟ ’ਤੇ ਹੈ। ਡੀਜੀਪੀ ਗੌਰਵ ਯਾਦਵ ਕਰੀਬ ਇੱਕ ਹਫ਼ਤੇ ਤੋਂ ਸੂਬੇ ਦੀਆਂ ਵੱਖ-ਵੱਖ ਥਾਵਾਂ ’ਤੇ ਦੌਰੇ ਕਰ ਰਹੇ ਹਨ। ਖ਼ੁਫ਼ੀਆ ਏਜੰਸੀਆਂ ਦੀ ਇਨਪੁਟ ਕਰਕੇ ਪੁਲਿਸ ਵੱਲੋਂ ਦਿਨ ਰਾਤ ਚੌਕਸੀ ਰੱਖੀ ਜਾ ਰਹੀ ਹੈ।

ਦੱਸ ਦਈਏ ਕਿ ਆਜ਼ਾਦੀ ਦਿਹਾੜੇ ’ਤੇ ਮੁੱਖ ਮੰਤਰੀ ਭਗਵੰਤ ਮਾਨ, ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਕੈਬਨਿਟ ਵਜ਼ੀਰਾਂ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੌਮੀ ਝੰਡਾ ਲਹਿਰਾਇਆ ਜਾਵੇਗਾ। ਦੇਸ਼ ਵਿਰੋਧੀ ਤਾਕਤਾਂ ਅਜਿਹੇ ਮੌਕਿਆਂ ’ਤੇ ਤਾਕ ਵਿੱਚ ਰਹਿੰਦੀਆਂ ਹਨ ਜਿਸ ਕਰਕੇ ਕੇਂਦਰੀ ਏਜੰਸੀਆਂ ਵੀ ਸਰਗਰਮ ਹਨ।

ਡੀਜੀਪੀ ਨੇ ਪੁਲਿਸ ਅਧਿਕਾਰੀਆਂ ਨੂੰ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਚੌਕਸੀ ਵਧਾਉਣ ਤੇ ਮੁੱਖ ਸੜਕਾਂ ’ਤੇ ਨਾਕੇਬੰਦੀ ਆਦਿ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਲੰਘੇ ਦਿਨੀਂ ਮਾਲਵਾ ਤੇ ਮਾਝੇ ਦੀਆਂ ਪੁਲੀਸ ਰੇਂਜਾਂ ਦਾ ਵੀ ਦੌਰਾ ਕੀਤਾ ਹੈ। ਇਸ ਤੋਂ ਇਲਾਵਾ ਐਤਵਾਰ ਨੂੰ ਡੀਜੀਪੀ ਵਿਸ਼ੇਸ਼ ਅਰਪਿਤ ਸ਼ੁਕਲਾ ਨੇ ਲੁਧਿਆਣਾ ਵਿਚ ਪੁਲਿਸ ਅਫ਼ਸਰਾਂ ਨਾਲ ਮੀਟਿੰਗ ਵੀ ਕੀਤੀ।

ਪੁਲਿਸ ਕਮਿਸ਼ਨਰਾਂ ਵਲੋਂ ਵੀ ਆਪਣੇ ਆਪਣੇ ਜ਼ਿਲ੍ਹਿਆਂ ਵਿੱਚ ਮੀਟਿੰਗਾਂ ਕਰ ਕੇ ਹਦਾਇਤਾਂ ਦਿੱਤੀਆਂ ਗਈਆਂ। ਪੁਲਿਸ ਨੇ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਤੇ ਹੋਰਨਾਂ ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਪਹਿਰੇਦਾਰੀ ਵਧਾ ਦਿੱਤੀ ਹੈ। ਪੁਲਿਸ ਨੇ ਐਤਵਾਰ ਨੂੰ ਅੰਤਰਰਾਜੀ ਸੜਕਾਂ ’ਤੇ ਪੈਟਰੋਲਿੰਗ ਵੀ ਕੀਤੀ।

ਪੁਲਿਸ ਵੱਲੋਂ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਰਾਤ ਦੀ ਗਸ਼ਤ ਵੀ ਸ਼ੁਰੂ ਕਰ ਦਿੱਤੀ ਗਈ ਹੈ। ਡੀਜੀਪੀ ਵੱਲੋਂ ਮੁੱਖ ਦਫ਼ਤਰ ਤੋਂ ਸਾਰੇ ਜ਼ਿਲ੍ਹਾ ਪੁਲਿਸ ਕਪਤਾਨਾਂ ਨਾਲ ਰਾਬਤਾ ਕਰਕੇ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਖ਼ੁਫ਼ੀਆ ਵਿੰਗ ਵੀ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸ਼ਰਾਰਤੀ ਅਨਸਰਾਂ ’ਤੇ ਨਜ਼ਰ ਰੱਖ ਰਿਹਾ ਹੈ।

About The Author