ਪੰਜਾਬ ਰੋਡਵੇਜ਼ ਦਾ ਅੱਜ ਨਹੀਂ ਹੋਵੇਗਾ ਚੱਕਾ ਜਾਮ, ਵਰਕਰਾਂ ਨੇ ਹੜਤਾਲ ਦਾ ਫੈਸਲਾ ਲਿਆ ਵਾਪਸ

ਪੰਜਾਬ ਵਿੱਚ ਅੱਜ ਰੋਡਵੇਜ਼ ਦੀਆਂ ਬੱਸਾਂ ਦਾ ਚੱਕਾ ਜਾਮ ਨਹੀਂ ਹੋਵੇਗਾ। ਪੰਜਾਬ ਰੋਡਵੇਜ਼ ਅਤੇ ਪਨਬਸ ਕੰਟਰੈਕਟ ਇੰਪਲਾਈਜ਼ ਯੂਨੀਅਨ ਵੱਲੋਂ ਆਪਣੀ 3 ਦਿਨ ਦੀ ਹੜਤਾਲ ਅਤੇ ਜਾਮ ਨੂੰ ਵਾਪਸ ਲੈ ਲਿਆ ਹੈ, ਜਿਸ ਕਾਰਨ ਹੁਣ ਸਾਰੀਆਂ ਬੱਸਾਂ ਆਮ ਵਾਂਗ ਚੱਲਣਗੀਆਂ। ਦਰਅਸਲ ਮੁੱਖ ਮੰਤਰੀ ਵੱਲੋਂ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਮਿਲਣ ਤੋਂ ਬਾਅਦ ਠੇਕਾ ਮੁਲਾਜ਼ਮਾਂ ਨੇ ਇਹ ਫੈਸਲਾ ਵਾਪਸ ਲੈ ਲਿਆ ਹੈ।

ਕਰਮਚਾਰੀ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਹੜਤਾਲ ਵਾਪਸ ਲੈਣ ਦੀ ਸੂਚਨਾ ਸਾਰਿਆਂ ਨੂੰ ਦੇ ਦਿੱਤੀ ਗਈ ਹੈ। ਮੁਲਾਜ਼ਮਾਂ ਦੀ ਮੰਗ ਹੈ ਕਿ ਟਰਾਂਸਪੋਰਟ ਵਿੱਚੋਂ ਠੇਕੇਦਾਰੀ ਪ੍ਰਥਾ ਖ਼ਤਮ ਕੀਤੀ ਜਾਵੇ। ਜੀਐਸਟੀ ਤੋਂ ਜੋ ਬਚੇ ਹਨ, ਸਰਕਾਰ ਨੂੰ ਉਸ ਦਾ 20 ਤੋਂ 25 ਕਰੋੜ ਕਰਮਚਾਰੀਆਂ ਦੀ ਭਲਾਈ ‘ਤੇ ਖਰਚ ਕਰਨਾ ਚਾਹੀਦਾ ਹੈ। ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ 5 ਫੀਸਦੀ ਵਾਧਾ ਯਕੀਨੀ ਬਣਾਇਆ ਜਾਵੇ।

ਇਸ ਦੇ ਨਾਲ ਹੀ ਮੁਲਾਜ਼ਮਾਂ ਦੀ ਮੰਗ ਹੈ ਕਿ ਕਿਲੋਮੀਟਰ ਸਕੀਮ ਸਕੀਮ ਨੂੰ ਖਤਮ ਕਰਕੇ ਬੱਸਾਂ ਨੂੰ ਰੋਡਵੇਜ਼ ਦੇ ਬੇੜੇ ਵਿੱਚ ਸ਼ਾਮਲ ਕੀਤਾ ਜਾਵੇ। ਰੋਡਵੇਜ਼ ਵਿੱਚ ਖਾਲੀ ਪਈਆਂ ਅਸਾਮੀਆਂ ’ਤੇ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇ ਪਰ ਇਹ ਭਰਤੀ ਆਊਟਸੋਰਸ ਜਾਂ ਠੇਕੇ ’ਤੇ ਨਹੀਂ ਹੋਣੀ ਚਾਹੀਦੀ, ਸਗੋਂ ਸਿੱਧੀ ਹੋਣੀ ਚਾਹੀਦੀ ਹੈ।

About The Author