2 ਗੈਂਗਸਟਰ ਕਾਬੂ, ਪੈਟਰੋਲ ਪੰਪ ਦੇ ਕਰਮਚਾਰੀਆਂ ਤੋਂ ਲੁਟੇ ਸੀ 40 ਲੱਖ

ਪੰਜਾਬ ਦੇ ਫਤਹਿਗੜ੍ਹ ਸਾਹਿਬ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਦੇਰ ਰਾਤ ਕਰੀਬ ਇੱਕ ਵਜੇ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਠਭੇੜ ਹੋਈ, ਜਿਸ ‘ਤੋਂ ਬਾਅਦ ਦੋਵਾਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ। ਇਨ੍ਹਾਂ ਦੋਵਾਂ ਗੈਂਗਸਟਰਾਂ ਨੇ ਕੁੱਝ ਦਿਨ ਪਹਿਲਾਂ ਫਾਇਰਿੰਗ ਕਰਕੇ ਬੈਂਕ ‘ਚ ਪੈਸੇ ਜਮ੍ਹਾ ਕਰਵਾਉਣ ਜਾ ਰਹੇ ਪੈਟਰੋਲ ਪੰਪ ਦੇ ਕਰਮਚਾਰੀਆਂ ਤੋਂ 40 ਲੱਖ ਦੀ ਨਕਦੀ ਲੁੱਟ ਲਈ ਸੀ।

ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਫਤਿਹਗੜ੍ਹ ਸਾਹਿਬ ‘ਚ ਪੈਟਰੋਲ ਪੰਪ ਨੂੰ ਲੁੱਟਣ ਵਾਲੇ ਗੈਂਗਸਟਰ ਆਈ-20 ਕਾਰ ‘ਚ ਚੰਡੀਗੜ੍ਹ ਵੱਲ ਆ ਰਹੇ ਹਨ। ਪੁਲਿਸ ਨੇ ਤੁਰੰਤ ਐਂਟੀ ਗੈਂਗਸਟਰ ਟਾਸਕ ਫੋਰਸ (AGTF) ​​ਨੂੰ ਸੂਚਿਤ ਕੀਤਾ। AGTF ਨੇ ਪੁਲਿਸ ਨਾਲ ਮਿਲ ਕੇ ਖਰੜ ਵਿਖੇ ਨਾਕਾਬੰਦੀ ਕੀਤੀ। ਜਿਵੇਂ ਹੀ ਆਈ-20 ਕਾਰ ਨਾਕੇ ‘ਤੇ ਪੁੱਜੀ ਤਾਂ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਪੁਲਿਸ ਨੂੰ ਦੇਖ ਕੇ ਕਾਰ ‘ਚ ਸਵਾਰ ਗੈਂਗਸਟਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਕੇ ਭੱਜਣ ਦੀ ਕੋਸ਼ਿਸ਼ ਕੀਤੀ।

ਇਸ ‘ਤੋਂ ਬਾਅਦ AGTF ਨੇ ਜਵਾਬੀ ਕਾਰਵਾਈ ਕਰਦੇ ਹੋਏ ਉਨ੍ਹਾਂ ‘ਤੇ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਵਿਚ ਦੋਵੇਂ ਗੈਂਗਸਟਰ ਜ਼ਖਮੀ ਹੋ ਗਏ ਅਤੇ AGTF ਵੱਲੋਂ ਦੋਵੇਂ ਜ਼ਖਮੀ ਗੈਂਗਸਟਰਾਂ ਨੂੰ ਦੇਰ ਰਾਤ ਸਿਵਲ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਗੈਂਗਸਟਰਾਂ ਕੋਲੋਂ ਨਕਦੀ ਬਰਾਮਦ ਹੋਈ ਹੈ ਜਾਂ ਨਹੀਂ, ਇਸ ਦੀ ਅਜੇ ਤੱਕ ਕਿਸੇ ਪੁਲਿਸ ਅਧਿਕਾਰੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ। ਫਿਲਹਾਲ ਪੁਲਿਸ ਅਧਿਕਾਰੀਆਂ ਨੇ ਪੂਰੇ ਮਾਮਲੇ ਨੂੰ ਗੁਪਤ ਰੱਖਿਆ ਹੋਇਆ ਹੈ।

ਦੱਸ ਦੇਈਏ ਕਿ ਫਤਿਹਗੜ੍ਹ ਸਾਹਿਬ ‘ਚ 29 ਮਈ ਨੂੰ ਪੈਟਰੋਲ ਪੰਪ ਦੇ ਕਰਮਚਾਰੀ ਬੈਂਕ ‘ਚ 40 ਲੱਖ ਦੀ ਨਕਦੀ ਜਮ੍ਹਾ ਕਰਵਾਉਣ ਲਈ ਸਵਿਫਟ ਕਾਰ ‘ਚ ਨਿਕਲੇ ਤਾਂ 4 ਗੈਂਗਸਟਰਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਰਸਤੇ ਵਿੱਚ ਪੈਟਰੋਲ ਪੰਪ ਦੀ ਕਾਰ ਜਿਸ ਵਿੱਚ ਨਕਦੀ ਸੀ, ਨੂੰ ਬਿਲਕੁਲ ਸਾਈਡ ’ਤੇ ਰੱਖ ਕੇ ਰੋਕ ਲਿਆ ਗਿਆ। ਇਸ ਤੋਂ ਬਾਅਦ ਫਾਇਰਿੰਗ ਕਰਕੇ ਕਾਰ ਦੇ ਸ਼ੀਸ਼ੇ ਤੋੜ ਕੇ 40 ਲੱਖ ਦੀ ਨਕਦੀ ਲੁੱਟ ਲਈ।

 

About The Author