ਹਰਿਆਣਾ ਦੇ ਨੂਹ ‘ਚ ਭੜਕੀ ਹਿੰਸਾ ਦਾ ਸੇਕ ਦਿੱਲੀ ਅਤੇ ਉੱਤਰ ਪ੍ਰਦੇਸ਼ ਤੱਕ ਜਾ ਪਹੁੰਚਿਆ ਹੈ। ਕੇਂਦਰੀ ਖ਼ੁਫੀਆ ਏਜੰਸੀਆਂ ਨੇ ਹਰਿਆਣਾ ਦੀ ਸਰਹੱਦ ਨਾਲ ਲੱਗਦੇ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਿਆਂ ਨੂੰ ਅਲਰਟ ਜਾਰੀ ਕਰ ਦਿੱਤਾ ਹੈ। ਪਿਛਲੇ 18 ਘੰਟਿਆਂ ਵਿਚ ਤਿੰਨ ਇਨਪੁਟ ਦਿੱਲੀ ਅਤੇ ਉੱਤਰ ਪ੍ਰਦੇਸ਼ ਨੂੰ ਭੇਜੇ ਗਏ ਹਨ, ਜਿਨ੍ਹਾਂ ‘ਚ ਪੁਲਸ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਧਾਰਮਿਕ ਸਥਾਨਾਂ ਦੀ ਸੁਰੱਖਿਆ ਵਧਾ ਦਿੱਤੀ ਜਾਵੇ।
ਸੋਸ਼ਲ ਮੀਡੀਆ ‘ਤੇ ਤਿੱਖੀ ਨਜ਼ਰ
ਸੋਸ਼ਲ ਮੀਡੀਆ ਅਤੇ ਵਟਸਐਪ ਗਰੁਪਾਂ ‘ਤੇ ਵੀ ਨਜ਼ਰ ਰੱਖੋ, ਜਿਨ੍ਹਾਂ ਦਾ ਇਸਤੇਮਾਲ ਗੁਆਂਢੀ ਸੂਬਿਆਂ ‘ਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਵਿਗਾੜਨ ਲਈ ਕੀਤਾ ਜਾ ਸਕਦਾ ਹੈ। ਖ਼ੁਫੀਆ ਏਜੰਸੀਆਂ ਨੇ ਖ਼ਦਸ਼ਾ ਜਤਾਇਆ ਹੈ ਕਿ ਹੋਰ ਸੂਬਿਆਂ ਵਿਚ ਵੀ ਇਸ ਤਰ੍ਹਾਂ ਦੀ ਘਟਨਾ ਹੋ ਸਕਦੀ ਹੈ। ਇਕ ਹੋਰ ਚਿਤਾਵਨੀ ਸੰਦੇਸ਼ ‘ਚ ਕਿਹਾ ਗਿਆ ਹੈ ਕਿ ਭੀੜ ਨੂੰ ਕੰਟਰੋਲ ਕਰਨ ਲਈ ਸੁਰੱਖਿਆ ਕਰਮੀਆਂ ਕੋਲ ਦੰਗਾ-ਰੋਧੀ ਯੰਤਰ ਹੋਣੇ ਚਾਹੀਦੇ ਹਨ।
ਮਥੁਰਾ ‘ਚ ਡਰੋਨ ਨਾਲ ਨਜ਼ਰ
ਆਗਰਾ ਜ਼ੋਨ ਦੇ ਪੁਲਸ ਇੰਸਪੈਕਟਰ ਜਨਰਲ (ਆਈ.ਜੀ) ਦੀਪਕ ਕੁਮਾਰ ਨੇ ਕਿਹਾ ਕਿ ਹਰਿਆਣਾ ਦਾ ਮੇਵਾਤ ਇਲਾਕਾ ਮਥੁਰਾ ਦੇ ਕੋਸੀ, ਬਰਸਾਨਾ ਅਤੇ ਗੋਵਰਧਨ ਥਾਣਾ ਖੇਤਰ ਦੇ ਨਾਲ ਲੱਗਦੇ ਹੋਣ ਕਾਰਨ ਇਨ੍ਹਾਂ ਅਧੀਨ ਪੈਂਦੇ ਖੇਤਰਾਂ ‘ਚ ਵਿਸ਼ੇਸ਼ ਚੌਕਸੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸਰਹੱਦੀ ਇਲਾਕਿਆਂ ‘ਚ ਵਾਧੂ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਪਲ-ਪਲ ਦੀ ਸਥਿਤੀ ‘ਤੇ ਨਜ਼ਰ ਰੱਖਣ ਲਈ ਡਰੋਨ ਕੈਮਰਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਚੌਰਾਸੀ ਕੋਸ ਪਰਿਕਰਮਾ ਦੇ ਸ਼ਰਧਾਲੂਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪੂਰੀ ਸੁਰੱਖਿਆ ਦਾ ਭਰੋਸਾ ਦਿੱਤਾ ਕਿਉਂਕਿ ਪਰਿਕਰਮਾ ਦਾ ਕੁਝ ਹਿੱਸਾ ਹਰਿਆਣਾ ਵਿਚੋਂ ਹੋ ਕੇ ਲੰਘਦਾ ਹੈ।
ਕਿਉਂ ਭੜਕੀ ਹਿੰਸਾ ?
ਦੱਸ ਦੇਈਏ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਜ ਮੰਡਲ ਯਾਤਰਾ ਦੌਰਾਨ ਹਿੰਸਾ ਭੜਕ ਗਈ, ਜਿਸ ਕਾਰਨ ਪੂਰਾ ਦੱਖਣੀ ਹਰਿਆਣਾ ਝੁਲਸ ਗਿਆ। ਸਥਿਤੀ ਨੂੰ ਕੰਟਰੋਲ ਕਰਨ ਲਈ 6 ਜ਼ਿਲ੍ਹਿਆਂ ’ਚ ਧਾਰਾ 144 ਲਾਗੂ ਕਰਨੀ ਪਈ। ਗੁਰੂਗ੍ਰਾਮ ’ਚ ਭੜਕੀ ਫਿਰਕੂ ਹਿੰਸਾ ’ਚ ਬੀਤੀ ਰਾਤ ਇਕ ਮਸਜਿਦ ਦੇ ਇਮਾਮ ਦਾ ਕਤਲ ਕਰ ਦਿੱਤਾ ਗਿਆ। ਇਕ ਢਾਬੇ ਨੂੰ ਅੱਗ ਲਾ ਦਿੱਤੀ ਗਈ ਅਤੇ ਦੁਕਾਨਾਂ ’ਚ ਤੋੜ-ਭੰਨ੍ਹ ਕੀਤੀ ਗਈ। ਗੁਰੂਗ੍ਰਾਮ ਦੇ ਹੀ ਸੈਕਟਰ 70-ਏ ਦੇ ਗੋਦਾਮ ’ਚ ਦੰਗਾਕਾਰੀਆਂ ਨੇ ਅੱਗ ਲਾ ਦਿੱਤੀ ਅਤੇ ਵੱਡੀ ਗਿਣਤੀ ’ਚ ਕਾਰਾਂ ਵੀ ਫੂਕੀਆਂ। ਨੂਹ ਦੇ ਖੇੜਲਾ ਮੋੜ ’ਤੇ ਭੀੜ ਵੱਲੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਯਾਤਰਾ ਨੂੰ ਨਿਸ਼ਾਨਾ ਬਣਾਉਣ, ਗੋਲ਼ੀਬਾਰੀ ਕਰਨ, ਪਥਰਾਅ ਕਰਨ ਅਤੇ ਕਾਰਾਂ ਨੂੰ ਅੱਗ ਲਾਉਣ ਤੋਂ ਕੁਝ ਘੰਟਿਆਂ ਬਾਅਦ ਦੰਗਾਕਾਰੀਆਂ ਨੇ ਗੁਰੂਗ੍ਰਾਮ ਦੇ ਸੋਹੰਦੜਾ ਸ਼ਹਿਰ ’ਚ ਵਾਹਨਾਂ ਅਤੇ ਦੁਕਾਨਾਂ ਨੂੰ ਸਾੜ ਦਿੱਤਾ।