ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਨੂੰ ਜਿਣਸੀ ਸ਼ੋਸ਼ਣ ਮਾਮਲੇ ਵਿਚ ਵੱਡੀ ਰਾਹਤ ਮਿਲੀ ਹੈ। ਜੂਨੀਅਰ ਕੋਚ ਜਿਣਸੀ ਸ਼ੋਸ਼ਣ ਮਾਮਲੇ ‘ਚ ਚੰਡੀਗੜ੍ਹ ਜ਼ਿਲ੍ਹਾ ਕੋਰਟ ਨੇ ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਸੁਣਵਾਈ ਦੌਰਾਨ ਮੰਤਰੀ ਸੰਦੀਪ ਸਿੰਘ ਨੂੰ ਅਗਾਊਂ ਜ਼ਮਾਨਤ ਦੇਣ ਦੇ ਪੱਖ ਵਿਚ ਉਨ੍ਹਾਂ ਦੇ ਵਕੀਲਾਂ ਨੇ ਕੋਰਟ ਦੇ ਸਾਹਮਣੇ ਆਪਣੀ ਗੱਲ ਰੱਖੀ ਸੀ ਜਦੋਂ ਕਿ ਜੂਨੀਅਰ ਮਹਿਲਾ ਕੋਚ ਦੇ ਵਕੀਲ ਸਮੀਰ ਸੇਠੀ ਤੇ ਦੀਪਾਂਸ਼ੂ ਬਾਂਸਲ ਨੇ ਯੋਗਤਾ ਦੇ ਆਧਾਰ ‘ਤੇ ਅਗਾਊਂ ਜ਼ਮਾਨਤ ਦਾ ਵਿਰੋਧ ਕੀਤਾ ਸੀ।
ਸੰਦੀਪ ਸਿੰਘ ਨੂੰ ਕੋਰਟ ਤੋਂ ਰਾਹਤ ਮਿਲਣ ‘ਤੇ ਜੂਨੀਅਰ ਮਹਿਲਾ ਕੋਚ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹ ਇਸ ਫੈਸਲੇ ਨੂੰ ਪੰਜਾਬ-ਹਰਿਆਣਾ ਹਾਈਕੋਰਟ ਵਿਚ ਚੈਲੇਂਜ ਕਰੇਗੀ। ਜੇਕਰ ਸੰਦੀਪ ਸਿੰਘ ਦੀ ਅਗਾਊਂ ਜ਼ਮਾਨਤ ਖਾਰਜ ਹੋ ਜਾਂਦੀ ਤਾਂ ਉਨ੍ਹਾਂਦੀ ਗ੍ਰਿਫਤਾਰੀ ਹੋ ਸਕਦੀ ਸੀ।ਇਸ ਮਾਮਲੇ ਵਿਚ ਉਨ੍ਹਾਂਉਪਰ 354 ਤੇ 354-ਬੀ ਗੈਰ-ਜ਼ਮਾਨਤੀ ਧਾਰਾਵਾਂ ਲਗਾਈਆਂ ਗਈਆਂ ਹਨ। ਚੰਡੀਗੜ੍ਹ ਪੁਲਿਸ ਦੀ ਸਿਟ ਨੇ ਇਸ ਮਾਮਲੇ ਵਿਚ ਕੋਰਟ ਵਿਚ ਚਾਰਜਸ਼ੀਟ ਪੇਸ਼ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਪੁਲਿਸ ਨੇ ਸੰਦੀਪ ਸਿੰਘ ‘ਤੇ ਧਾਰਾ 342, 354, 354ਏ, 354ਬੀ, 506 ਤੇ 509 ਦੇ ਤਹਿਤ ਕੇਸ ਦਰਜ ਕੀਤਾ ਹੈ।
ਦੱਸ ਦੇਈਏ ਕਿ ਜੂਨੀਅਰ ਮਹਿਲਾ ਕੋਟ ਨੇ 26 ਸਤੰਬਰ 2022 ਨੂੰ ਖੇਡ ਮੰਤਰੀ ਸੰਦੀਪ ਸਿੰਘ ‘ਤੇ ਜਿਣਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਮਾਮਲੇ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਜਿਸ ਦੇ ਬਾਅਦ ਪੁਲਿਸ ਜਾਂਚ ਕਰਨ ਦੇ ਬਾਅਦ 31 ਦਸੰਬਰ ਨੂੰ ਮੰਤਰੀ ਸੰਦੀਪ ਸਿੰਘ ਖਿਲਾਫ ਕੇਸ ਦਰਜ ਕੀਤਾ ਸੀ। ਡੀਐੱਸਪੀ ਈਸਟ ਪਲਕ ਗੋਇਲ ਨੇ ਮਾਮਲੇ ਨੂੰ ਲੈ ਕੇ ਇਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੀ ਗਠਿਤ ਕੀਤੀ ਸੀ ਜਿਸ ਵਿਚ ਮਹਿਲਾ ਥਾਣਾ ਇੰਚਾਰਜ ਇੰਸਪੈਕਟਰ ਊਸ਼ਾ, ਸਾਈਬਰ ਥਾਣਾ ਇੰਚਾਰਜ ਇੰਸਪੈਕਟਰ ਰਣਜੀਤ ਸਿੰਘ ਮਹਿਲਾ ਪੁਲਿਸ ਐੱਸਆਈ ਕਿਰੰਤ ਨੂੰ ਇਸ ਟੀਮ ਵਿਚ ਸ਼ਾਮਲ ਕੀਤਾ ਸੀ।