04/25/2024 10:13 AM

ਰਿਸ਼ਭ ਪੰਤ ਦੀ ਥਾਂ ਦਿਨੇਸ਼ ਕਾਰਤਿਕ ਨੂੰ ਚੁਣਨ ਦਾ ਫ਼ੈਸਲਾ ਸਹੀ, ਹਰਭਜਨ ਸਿੰਘ ਨੇ ਦੱਸਿਆ ਕਾਰਨ

ਏਸ਼ੀਆ ਕੱਪ ‘ਚ ਪਾਕਿਸਤਾਨ ਖ਼ਿਲਾਫ਼ ਖੇਡੇ ਗਏ ਮੈਚ ‘ਚ ਟੀਮ ਇੰਡੀਆ ਨੇ ਹੈਰਾਨ ਕਰਨ ਵਾਲਾ ਫ਼ੈਸਲਾ ਲਿਆ ਸੀ। ਕਪਤਾਨ ਰੋਹਿਤ ਸ਼ਰਮਾ ਨੇ ਰਿਸ਼ਭ ਪੰਤ ਦੀ ਥਾਂ ਦਿਨੇਸ਼ ਕਾਰਤਿਕ ਨੂੰ ਪਲੇਇੰਗ-11 ‘ਚ ਵਿਕਟਕੀਪਰ ਵਜੋਂ ਸ਼ਾਮਲ ਕੀਤਾ ਸੀ। ਭਾਰਤ ਦੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਰੋਹਿਤ ਸ਼ਰਮਾ ਦੇ ਇਸ ਫ਼ੈਸਲੇ ਨੂੰ ਸਹੀ ਠਹਿਰਾਇਆ ਹੈ। ਹਰਭਜਨ ਸਿੰਘ ਦਾ ਮੰਨਣਾ ਹੈ ਕਿ ਦਿਨੇਸ਼ ਕਾਰਤਿਕ ਦੀ ਚੰਗੀ ਫਾਰਮ ਦਾ ਟੀਮ ਇੰਡੀਆ ਨੂੰ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ।

ਇਸ ਸਾਲ ਆਈਪੀਐਲ ‘ਚ ਦਿਨੇਸ਼ ਕਾਰਤਿਕ ਨੂੰ ਆਰਸੀਬੀ ਨੇ ਖਰੀਦਿਆ ਸੀ। ਕਾਰਤਿਕ ਸ਼ਾਨਦਾਰ ਫ਼ਾਰਮ ‘ਚ ਰਹੇ ਅਤੇ ਫਿਨਿਸ਼ਰ ਦੇ ਤੌਰ ‘ਤੇ 183 ਦੀ ਸਟ੍ਰਾਈਕ ਰੇਟ ਨਾਲ 330 ਦੌੜਾਂ ਬਣਾਈਆਂ ਸਨ। ਇਸ ਪ੍ਰਦਰਸ਼ਨ ਦੀ ਬਦੌਲਤ ਕਾਰਤਿਕ 3 ਸਾਲ ਬਾਅਦ ਟੀਮ ਇੰਡੀਆ ‘ਚ ਵਾਪਸੀ ਕਰਨ ‘ਚ ਕਾਮਯਾਬ ਰਹੇ। ਇੰਨਾ ਹੀ ਨਹੀਂ, ਇਸ ਦੌਰਾਨ ਟੀ-20 ਫਾਰਮੈਟ ‘ਚ ਦਿਨੇਸ਼ ਕਾਰਤਿਕ ਦਾ ਪ੍ਰਦਰਸ਼ਨ ਪੰਤ ਨਾਲੋਂ ਬਿਹਤਰ ਰਿਹਾ ਹੈ।

ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ‘ਚ ਦਿਨੇਸ਼ ਕਾਰਤਿਕ ਭਾਰਤ ਦੀ ਪਹਿਲੀ ਪਸੰਦ ਵਿਕਟਕੀਪਰ ਹੋ ਸਕਦੇ ਹਨ। ਹਰਭਜਨ ਸਿੰਘ ਨੇ ਕਿਹਾ, “ਰਿਸ਼ਭ ਪੰਤ ਨੇ ਟੈਸਟ ਅਤੇ ਵਨਡੇ ‘ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਪੰਤ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ, ਪਰ ਉਹ ਟੀ-20 ਫਾਰਮੈਟ ‘ਚ ਇੰਨਾ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਦਿਨੇਸ਼ ਕਾਰਤਿਕ ਦਾ ਗ੍ਰਾਫ ਉੱਪਰ ਜਾ ਰਿਹਾ ਹੈ। ਕਾਰਤਿਕ ਨੇ ਬਿਹਤਰ ਖੇਡ ਦਿਖਾਈ ਹੈ। ਇਹ ਸਹੀ ਫ਼ੈਸਲਾ ਹੈ।”

ਕਾਰਤਿਕ ਨੂੰ ਬਾਹਰ ਨਹੀਂ ਰੱਖਿਆ ਜਾ ਸਕਦਾ

ਹਰਭਜਨ ਸਿੰਘ ਨੇ ਅੱਗੇ ਕਿਹਾ, “ਕਾਰਤਿਕ ਚੰਗੀ ਫਾਰਮ ‘ਚ ਹੈ, ਉਨ੍ਹਾਂ ਨੂੰ ਬਾਹਰ ਨਹੀਂ ਛੱਡਿਆ ਜਾ ਸਕਦਾ। ਕਾਰਤਿਕ ਨੂੰ ਮੌਕਾ ਦੇਣ ਦਾ ਸਮਾਂ ਆ ਗਿਆ ਹੈ। ਪੰਤ ਕੋਲ ਅਜੇ ਕਾਫੀ ਸਮਾਂ ਹੈ। ਕਾਰਤਿਕ ਕੋਲ ਸਿਰਫ਼ 1 ਜਾਂ 2 ਸਾਲ ਦਾ ਕ੍ਰਿਕਟ ਬਚਿਆ ਹੈ। ਉਹ ਹੇਠਲੇ ਕ੍ਰਮ ‘ਚ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ ਜਿਤਾਉਣ ‘ਚ ਮਦਦ ਕਰ ਸਕਦੇ ਹਨ।”

ਦੱਸ ਦੇਈਏ ਕਿ ਕਾਰਤਿਕ ਅਤੇ ਪੰਤ ਦੋਵੇਂ ਆਈਪੀਐਲ ਤੋਂ ਬਾਅਦ ਦੱਖਣੀ ਅਫ਼ਰੀਕਾ, ਇੰਗਲੈਂਡ ਅਤੇ ਵੈਸਟਇੰਡੀਜ਼ ਦੇ ਖਿਲਾਫ ਹੋਈ ਸੀਰੀਜ਼ ਵਿੱਚ ਟੀਮ ਦਾ ਹਿੱਸਾ ਸਨ। ਪਰ ਕੇਐਲ ਰਾਹੁਲ ਦੀ ਵਾਪਸੀ ਕਾਰਨ ਦੋਵੇਂ ਖਿਡਾਰੀਆਂ ਦਾ ਪਲੇਇੰਗ-11 ‘ਚ ਇਕੱਠੇ ਖੇਡਣਾ ਸੰਭਵ ਨਹੀਂ ਹੈ।