ਪੰਜਾਬ ਵਿਚ ਸਿੱਖਿਆ ਵਿਭਾਗ ਦੀ ਲਾਪ੍ਰਵਾਹੀ ਨਾਲ 23 ਹਜ਼ਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵਜੋਂ ਗਲਤੀ ਨਾਲ ਦੋ ਗੁਣਾ ਤੇ ਕਈਆਂ ਨੂੰ ਤਿੰਨ ਗੁਣਾ ਸਕਾਲਰਸ਼ਿਪ ਰਕਮ ਟਰਾਂਸਫਰ ਹੋ ਗਈ। ਇਸ ਵਿਚ ਹੁਣ ਵਿਦਿਆਰਥੀਆਂ ਤੋਂ ਕਰੋੜਾਂ ਰੁਪਏ ਵਾਪਸ ਲੈਣ ਲਈ ਸਕੂਲਾਂ ਨੂੰ ਨੋਟਿਸ ਭੇਜਿਆ ਗਿਆ ਹੈ। ਹੁਣ ਵਿਦਿਆਰਥੀਆਂ ਨੂੰ 20 ਅਕਤੂਬਰ ਤੱਕ ਰਕਮ ਐੱਚਡੀਐੱਫਸੀ ਬੈਂਕ ਵਿਚ ਜਮ੍ਹਾ ਕਰਵਾ ਕੇ ਰਸੀਦ ਆਪਣੇ ਸਕੂਲ ਵਿਚ ਜਮ੍ਹਾ ਕਰਵਾਉਣੀ ਹੈ। ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਦੇ ਸਰਕਾਰੀ ਫਰਮਾਨ ਨਾਲ ਹੋਸ਼ ਉਡ ਗਏ ਹਨ।
ਮਿਲੀ ਜਾਣਕਾਰੀ ਮੁਤਾਬਕ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਤਹਿਤ ਇਕ ਵਿਦਿਆਰਥੀ ਨੂੰ 3500 ਰੁਪਏ ਸਕਾਲਰਸ਼ਿਪ ਦਿੱਤੀ ਜਾਂਦੀ ਹੈ।ਇਸ ਵਿਚ ਕੇਂਦਰ ਸਰਕਾਰ ਵੱਲੋਂ 2100 ਰੁਪਏ ਤੇ ਪੰਜਾਬ ਸਰਕਾਰ ਵੱਲੋਂ 1400 ਰੁਪਏ ਦਿੱਤੇ ਜਾਂਦੇ ਹਨ। ਸਾਲ 2022-23 ਦੇ ਅਪ੍ਰੈਲ-ਮਈ ਵਿਚ ਭੇਜੇ ਗਏ ਪੈਸਿਆਂ ਵਿਚ ਪੰਜਾਬ ਦੇ 23000 ਵਿਦਿਆਰਥੀਆਂ ਨੂੰ 3500 ਦੀ ਜਗ੍ਹਾ 1400 ਵਧਾ ਕੇ 4900 ਤੇ 694 ਵਿਦਿਆਰਥੀਆਂ ਨੂੰ 3500 ਦੀ ਜਗ੍ਹਾ 2800 ਰੁਪਏ ਵਧਾ ਕੇ 6300 ਰੁਪਏ ਦੀ ਰਕਮ ਭੇਜੀ ਗਈ ਹੈ।ਇਸ ਨੂੰ ਵਾਪਸ ਲੈਣ ਲਈ ਹੁਣ ਸਿੱਖਿਆ ਵਿਭਾਗ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ।
ਵਿਦਿਆਰਥੀਆਂ ਤੋਂ ਪੈਸੇ ਵਸੂਲਣ ਲਈ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਵੱਲੋਂ ਸਮੂਹ ਜ਼ਿਲ੍ਹੇ ਦੇ ਡੀਈਓ, ਪ੍ਰਿੰਸੀਪਲ ਤੇ ਸਕੂਲ ਮੁਖੀਆਂ ਨੂੰ ਭੇਜੇ ਪੱਤਰਾਂ ਵਿਚ ਜ਼ਿਆਦਾਤਰ ਹੋਈ ਅਦਾਇਗੀ ਨੂੰ ਟੈਕਨੀਕਲ ਗਲਤੀ ਦੱਸਿਆ ਗਿਆ ਹੈ। ਜ਼ਿਲ੍ਹਾ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਇਥੇ 1600 ਨੂੰ ਜ਼ਿਆਦਾ ਸਕਾਲਰਸ਼ਿਪ ਭੇਜੀ ਗਈ ਹੈ। ਜ਼ਿਲ੍ਹੇ ਨਾਲ ਸਬੰਧਤ ਅਧਿਆਪਕਾਂ ਨੇ ਦੱਸਿਆ ਕਿ ਕਈ ਵਿਦਿਆਰਥੀਆਂ ਨੂੰ 1400 ਰੁਪਏ ਜ਼ਿਆਦਾ ਸਕਾਲਰਸ਼ਿਪ ਮਿਲੀ ਹੈ ਜਦੋਂ ਕਿ ਕਈਆਂ ਦੇ ਖਾਤੇ ਵਿਚ 2800 ਰੁਪਏ ਜ਼ਿਆਦਾ ਆਏ ਹਨ। ਲੁਧਿਆਣਾ ਡਿਪਟੀ ਡੀਈਓ ਜਸਵਿੰਦਰ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਪੱਤਰ ਆਇਆਹੈ ਜਿਸ ਨੂੰ ਵਿਦਿਆਰਥੀ ਤੱਕ ਪਹੁੰਚਾ ਦਿੱਤਾ ਹੈ। 20 ਅਕਤੂਬਰ ਤੱਕ ਵਿਦਿਆਰਥੀ ਇਹ ਰਕਮ ਜਮ੍ਹਾ ਕਰਵਾ ਦੇਣ।