04/25/2024 6:12 AM

ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨ ਦਾ ਫੈਸਲਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਕਾਰਜਾਂ ਨੂੰ ਨਿਯਮਤ ਰੂਪ ਵਿੱਚ ਸੰਗਤ ਤੱਕ ਲਿਜਾਣ ਲਈ 24 ਘੰਟੇ ਦੀਆਂ ਸੇਵਾਵਾਂ ਵਾਲਾ ਯੂ-ਟਿਊਬ ਚੈਨਲ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਸਿੱਧੇ ਪ੍ਰਸਾਰਨ ਵਾਲਾ ਚੈਨਲ ਸ਼ੁਰੂ ਕਰਨ ਬਾਰੇ ਵੀ ਕਾਰਵਾਈ ਜਾਰੀ ਹੈ।

ਦੱਸ ਦਈਏ ਕਿ ਮੰਗਲਵਾਰ ਨੂੰ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਸਿੱਖ ਸੰਸਥਾ ਦਾ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨ, ਬੰਦੀ ਸਿੱਖਾਂ ਦੀ ਰਿਹਾਈ ਲਈ ਪਹਿਲੀ ਦਸੰਬਰ ਤੋਂ ਦੇਸ਼ ਪੱਧਰੀ ਦਸਤਖਤੀ ਮੁਹਿੰਮ ਸ਼ੁਰੂ ਕਰਨ, ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਤੇ ਵਿਦਿਅਕ ਅਦਾਰਿਆਂ ਵਿੱਚ ਸਿਰੋਪੇ ਦੀ ਬੇਲੋੜੀ ਵਰਤੋਂ ਨੂੰ ਰੋਕਣ ਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਵੀਰ ਬਾਲ ਦਿਵਸ ਦੀ ਥਾਂ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।

ਅੰਤਰਿੰਗ ਕਮੇਟੀ ਨੇ ਸ਼੍ਰੋਮਣੀ ਕਮੇਟੀ ਵਿਚ ਅਗਲੇ 6 ਮਹੀਨਿਆਂ ਲਈ ਭਰਤੀ ’ਤੇ ਮੁਕੰਮਲ ਰੋਕ ਲਾਉਣ ਦਾ ਫੈਸਲਾ ਲਿਆ ਹੈ। ਧਾਮੀ ਨੇ ਕਿਹਾ ਕਿ ਕੇਵਲ ਵੱਡੇ ਜੋੜ ਮੇਲਿਆਂ ਮੌਕੇ ਲੋੜ ਅਨੁਸਾਰ ਆਰਜ਼ੀ ਲੇਬਰ ਹੀ ਲਾਈ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਦੇਸ਼ਵਿਆਪੀ ਦਸਤਖ਼ਤੀ ਮੁਹਿੰਮ ਦੀ ਰੂਪ-ਰੇਖਾ ਉਲੀਕੀ ਗਈ ਹੈ, ਜਿਸ ਤਹਿਤ 1 ਦਸੰਬਰ ਤੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਰਗਰਮ ਮੁਹਿੰਮ ਅੱਗੇ ਵਧਾਈ ਜਾਵੇਗੀ। ਬੰਦੀ ਸਿੰਘਾਂ ਦੇ ਕੇਸਾਂ ਅਤੇ ਭੁਗਤੀਆਂ ਸਜ਼ਾਵਾਂ ਬਾਰੇ ਸੰਗਤ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਪ੍ਰੋਫਾਰਮੇ ਭਰਵਾਏ ਜਾਣਗੇ।

ਪੰਜਾਬ ਦੇ ਨਾਲ-ਨਾਲ ਹੋਰਨਾਂ ਸੂਬਿਆਂ ਵਿਚ ਸ਼੍ਰੋਮਣੀ ਕਮੇਟੀ ਦੇ ਸਿੱਖ ਮਿਸ਼ਨਾਂ ਤੇ ਗੁਰਦੁਆਰਾ ਕਮੇਟੀਆਂ ਰਾਹੀਂ ਵੱਖ-ਵੱਖ ਸੂਬਿਆਂ ਤੱਕ ਪਹੁੰਚ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਕੇਂਦਰ ਸ਼੍ਰੋਮਣੀ ਕਮੇਟੀ ਦਫ਼ਤਰ ਹੋਵੇਗਾ, ਜਦਕਿ ਪੰਜਾਬ ਦੇ ਹਰ ਜ਼ਿਲ੍ਹੇ ਤੇ ਪੰਜਾਬ ਤੋਂ ਬਾਹਰ ਸਿੱਖ ਮਿਸ਼ਨਾਂ ਵਿਖੇ ਸਬ-ਕੇਂਦਰ ਸਥਾਪਤ ਕੀਤੇ ਜਾਣਗੇ। ਖ਼ਾਸਕਰ ਪੰਜਾਬ ਅੰਦਰ ਗੁਰਦੁਆਰਿਆਂ, ਵਿਦਿਅਕ ਅਦਾਰਿਆਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਸ਼ਹਿਰਾਂ-ਕਸਬਿਆਂ ਦੇ ਅਹਿਮ ਚੌਰਾਹਿਆਂ ’ਤੇ ਕੈਂਪ ਲਗਾ ਕੇ ਪ੍ਰੋਫਾਰਮੇ ਭਰਵਾਏ ਜਾਣਗੇ। ਪ੍ਰੋਫਾਰਮੇ ਭਰਵਾਉਣ ਦਾ ਕੰਮ ਮੁਕੰਮਲ ਕਰਨ ਬਾਅਦ ਚੰਡੀਗੜ੍ਹ ਵਿਖੇ ਸਮੁੱਚੇ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਇਕ ਦਿਨਾ ਰੋਸ ਧਰਨਾ ਦਿੱਤਾ ਜਾਵੇਗਾ ਤੇ ਸਾਰੇ ਪ੍ਰੋਫਾਰਮੇ ਰਾਜਪਾਲ ਪੰਜਾਬ ਨੂੰ ਸੌਂਪੇ ਜਾਣਗੇ।

Related Posts