04/19/2024 9:24 PM

ਸਾਬਕਾ ਅੱਤਵਾਦੀ ਸਤਿੰਦਰਜੀਤ ਮਿੰਟੂ ਨੂੰ 35 ਸਾਲ ਬਾਅਦ ਕਤਲ ਕੇਸ ‘ਚ ਉਮਰ ਕੈਦ

ਅਦਾਲਤ ਨੇ ਸਾਬਕਾ ਅੱਤਵਾਦੀ ਸਤਿੰਦਰਜੀਤ ਮਿੰਟੂ ਨੂੰ 35 ਸਾਲ ਬਾਅਦ ਕਤਲ ਕੇਸ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸਤਿੰਦਰਜੀਤ ਮਿੰਟੂ ਉਪਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਤੇ ਹੁਣ ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਦੇ ਭਰਾ ਸੁਰਿੰਦਰ ਸਿੰਘ ਮੱਕੜ ਦੇ ਕਤਲ ਦਾ ਇਲਜ਼ਾਮ ਸੀ। ਇਹ ਕਤਲ 35 ਸਾਲ ਪਹਿਲਾਂ ਹੋਇਆ ਸੀ। ਹੁਣ ਇੱਥੋਂ ਦੀ ਸਪਸ਼ੈਲ ਟਾਡਾ ਅਦਾਲਤ ਨੇ ਸਾਬਕਾ ਅਤਿਵਾਦੀ ਸਤਿੰਦਰਜੀਤ ਸਿੰਘ ਉਰਫ ਮਿੰਟੂ (57) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਅਤਿਵਾਦ ਦੇ ਕਾਲੇ ਦੌਰ ਦੌਰਾਨ ਇਹ ਘਟਨਾ 22 ਜਨਵਰੀ 1987 ਨੂੰ ਸਵੇਰੇ 9 ਵਜੇ ਜਲੰਧਰ ਦੇ ਜੀਟੀਬੀ ਨਗਰ ਇਲਾਕੇ ਵਿੱਚ ਵਾਪਰੀ ਸੀ, ਜਿਸ ਵਿੱਚ ਸੁਰਿੰਦਰ ਸਿੰਘ ਮੱਕੜ ਨੂੰ ਅੰਨ੍ਹੇਵਾਹ ਗੋਲੀਆਂ ਚਲਾ ਕੇ ਮਾਰ ਦਿੱਤਾ ਗਿਆ ਸੀ। ਅਤਿਵਾਦੀਆਂ ਨੂੰ ਸ਼ੱਕ ਸੀ ਕਿ ਸੁਰਿੰਦਰ ਸਿੰਘ ਮੱਕੜ ਪੁਲੀਸ ਦਾ ਮੁਖ਼ਬਰ ਹੈ।

ਜੱਜ ਡੀਪੀ ਸਿੰਗਲਾ ਦੀ ਅਦਾਲਤ ਨੇ ਸਤਿੰਦਰਜੀਤ ਸਿੰਘ ਉਰਫ ਮਿੰਟੂ ਨੂੰ ਇਸ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਦੋਂ ਪੁਲਿਸ ਨੇ ਪਹਿਲਾਂ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਸੀ ਪਰ ਬਾਅਦ ਵਿੱਚ ਚਾਰ ਵਿਅਕਤੀ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਸਨ।

ਪੁਲਿਸ ਨੇ ਉਦੋਂ ਪਲਵਿੰਦਰ ਸਿੰਘ, ਹਰਵਿੰਦਰ ਸਿੰਘ ਪਰਦੀਪ ਸਿੰਘ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਸੀ ਜਦਕਿ ਮਿੰਟੂ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ। ਬਾਅਦ ਵਿੱਚ ਸਤਿੰਦਰਜੀਤ ਸਿੰਘ ਮਿੰਟੂ ਨੂੰ 22 ਜੂਨ, 2005 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿੱਚ ਜ਼ਮਾਨਤ ਮਿਲਣ ’ਤੇ ਉਹ ਮੁੜ ਫਰਾਰ ਹੋ ਗਿਆ ਸੀ। ਉਪਰੰਤ ਜਨਵਰੀ 2014 ਵਿੱਚ ਮਿੰਟੂ ਨੂੰ ਪੁਲਿਸ ਨੇ ਦੁਬਾਰਾ ਗ੍ਰਿਫਤਾਰ ਕੀਤਾ ਸੀ।