31 ਦਸੰਬਰ ਦੀ ਰਾਤ ਨੂੰ ਜਿੱਥੇ ਸ਼ਹਿਰ ’ਚ ਹੋਟਲ, ਰੈਸਟੋਰੈਂਟ, ਕਲੱਬ ਆਦਿ ‘ਚ ਪੂਰੀ ਧੁੰਮ ਰਹਿੰਦੀ ਹੈ, ਉੱਥੇ ਅਜਿਹੇ ਲੋਕਾਂ ਦੀ ਕਮੀ ਵੀ ਨਹੀਂ ਹੁੰਦੀ, ਜੋ ਸ਼ਰਾਬ ਪੀ ਕੇ ਸੜਕਾਂ ’ਤੇ ਖ਼ਤਰਨਾਕ ਡਰਾਈਵਿੰਗ ਜਾਂ ਹੁੱਲੜਬਾਜ਼ੀ ਕਰਦੇ ਹਨ। ਅਜਿਹੇ ਲੋਕਾਂ ਨਾਲ ਨਜਿੱਠਣ ਲਈ ਸ਼ਹਿਰ ਦੀ ਪੁਲਿਸ ਨੇ ਪੂਰੀ ਤਿਆਰੀ ਕਰ ਲਈ ਹੈ।
ਨਵੇਂ ਸਾਲ ਤੋਂ ਪਹਿਲੀ ਸ਼ਾਮ ਨੂੰ ਸ਼ਹਿਰ ’ਚ ਸ਼ਰਾਬ ਪੀ ਕੇ ਡਰਾਈਵਿੰਗ, ਖ਼ਤਰਨਾਕ ਡਰਾਈਵਿੰਗ ਜਾਂ ਹੁੱਲੜਬਾਜ਼ੀ ਕਰਨ ਵਾਲੇ ਮਨਚਲਿਆਂ ’ਤੇ ਲਗਾਮ ਕੱਸਣ ਲਈ ਟ੍ਰੈਫਿਕ ਪੁਲਿਸ ਅਤੇ ਥਾਣਾ ਪੁਲਸ ਨੂੰ ਸੁਚੇਤ ਕੀਤਾ ਗਿਆ ਹੈ।
ਟ੍ਰੈਫਿਕ ਪੁਲਿਸ ਦੇ ਨਾਲ-ਨਾਲ ਥਾਣਾ ਪੁਲਿਸ ਨੂੰ ਵੀ ਆਲਕੋਮੀਟਰ ਮੁਹੱਈਆ ਕਰਵਾਏ ਗਏ ਹਨ ਤਾਂ ਕਿ ਸ਼ਰਾਬ ਪੀ ਕੇ ਹੁੜਦੰਗ ਮਚਾਉਣ ਵਾਲਿਆਂ ’ਤੇ ਕਾਰਵਾਈ ਕੀਤੀ ਜਾ ਸਕੇ। ਇਸ ਦੇ ਨਾਲ ਹੀ ਬਾਜ਼ਾਰਾਂ ਅਤੇ ਜਨਤਕ ਥਾਵਾਂ ’ਤੇ ਕੁੜੀਆਂ ਨਾਲ ਛੇੜਛਾੜ ਨਾ ਹੋਵੇ, ਇਸ ਦਾ ਵੀ ਖ਼ਾਸ ਧਿਆਨ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਨਵੇਂ ਸਾਲ ਤੋਂ ਪਹਿਲੀ ਸ਼ਾਮ ਨੂੰ ਵੀ ਪੁਲਸ ਵਿਭਾਗ ਕੋਈ ਜ਼ੋਖ਼ਮ ਨਹੀਂ ਉਠਾਉਣਾ ਚਾਹੁੰਦਾ ਅਤੇ ਜਸ਼ਨ ਦੌਰਾਨ ਸ਼ਰਾਬ ਦਾ ਤੜਕਾ ਲਗਾਉਣ ਵਾਲੇ ਲੋਕਾਂ ’ਤੇ ਪੂਰੀ ਸਖ਼ਤੀ ਵਰਤੀ ਜਾਵੇਗੀ।
ਏ. ਡੀ. ਸੀ. ਪੀ. ਟ੍ਰੈਫਿਕ ਸਮੀਰ ਵਰਮਾ ਦਾ ਕਹਿਣਾ ਹੈ ਕਿ ਲੋਕ ਮਰਿਆਦਾ ’ਚ ਰਹਿ ਕੇ ਹੀ ਨਵੇਂ ਸਾਲ ਦਾ ਜਸ਼ਨ ਮਨਾਉਣ। ਜੇਕਰ ਕਿਸੇ ਵੀ ਵਿਅਕਤੀ ਨੇ ਨਵੇਂ ਸਾਲ ਤੋਂ ਪਹਿਲਾਂ ਸ਼ਾਮ ਨੂੰ ਕਾਨੂੰਨ ਵਿਵਸਥਾ ਭੰਗ ਕਰਨ ਦਾ ਯਤਨ ਕੀਤਾ ਜਾਂ ਰੈਸ਼ ਡਰਾਈਵਿੰਗ, ਡ੍ਰੰਕਨ ਡ੍ਰਾਈਵਿੰਗ ਅਤੇ ਛੇੜਖਾਨੀ ਕੀਤੀ ਤਾਂ ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।