ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ ਉੱਪਰ ਹੀ ਇੱਕ ਅਧਿਆਪਕ ਦੀ ਕਲਾਸ ਲਾ ਦਿੱਤੀ। ਅਧਿਆਪਕ ਨੇ ਆਪਣੇ ਹੱਕਾਂ ਦੀ ਗੱਲ ਕਰਦਿਆਂ ਸੋਸ਼ਲ ਮੀਡੀਆ ਉਪਰ ਕੁਮੈਂਟ ਕੀਤਾ ਸੀ ਪਰ ਸਿੱਖਿਆ ਮੰਤਰੀ ਨੂੰ ਗੁੱਸਾ ਆ ਗਿਆ। ਉਨ੍ਹਾਂ ਨੇ ਸੋਸ਼ਲ ਮੀਡੀਆ ਉੱਪਰ ਹੀ ਪਲਟਵਾਂ ਵਾਰ ਕਰਕੇ ਅਧਿਆਪਕ ਨੂੰ ਚੰਗੀਆਂ ਝਾੜਾਂ ਪਾ ਦਿੱਤੀਆਂ। ਹੁਣ ਇਹ ਮਾਮਲਾ ਹੁਣ ਕਾਫੀ ਵਾਇਰਲ ਹੋ ਰਿਹਾ ਹੈ।
ਦਰਅਸਲ ਮੰਤਰੀ ਬੈਂਸ ਲੀਬੀਆ ਵਿੱਚ ਫਸੇ ਭਾਰਤੀਆਂ ਨਾਲ ਸੰਪਰਕ ਕਰਨ ਤੇ ਉਨ੍ਹਾਂ ਨੂੰ ਭੋਜਨ ਤੇ ਪੈਸੇ ਮੁਹੱਈਆ ਕਰਵਾਉਣ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਸਨ। ਇਸੇ ਦੌਰਾਨ ਹੀ ਪ੍ਰੀਤ ਨਕੋਦਰ ਨਾਂ ਦੇ ਕੰਪਿਊਟਰ ਅਧਿਆਪਕ ਨੇ ਟਿੱਪਣੀ ਕੀਤੀ। ਪ੍ਰੀਤ ਨੇ ਲਿਖਿਆ ਕਿ ਸਕੂਲਾਂ ਨੂੰ ਡਿਜੀਟਲ ਬਣਾਉਣ ਵਿੱਚ ਕੰਪਿਊਟਰ ਅਧਿਆਪਕਾਂ ਦਾ ਅਹਿਮ ਯੋਗਦਾਨ ਹੈ, ਪਰ ਪਿਛਲੇ ਸਾਲਾਂ ਤੋਂ ਉਨ੍ਹਾਂ ਨੂੰ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ।
ਟਿੱਪਣੀ ਦੇਖ ਕੇ ਮੰਤਰੀ ਬੈਂਸ ਭੜਕ ਗਏ। ਉਨ੍ਹਾਂ ਤੁਰੰਤ ਪ੍ਰੀਤ ਨੂੰ ਜਵਾਬ ਦਿੰਦਿਆਂ ਕਿਹਾ ਕਿ ਸ਼ਰਮ ਆਉਣੀ ਚਾਹੀਦੀ ਹੈ। ਕੁਝ ਲੋਕ ਵਿਦੇਸ਼ਾਂ ਵਿੱਚ ਫਸੇ ਹੋਏ ਹਨ, ਉਹ ਵੀ ਕਿਸੇ ਦੇ ਪੁੱਤਰ ਹਨ। ਤੁਸੀਂ ਆਪਣੀ ਸਮੱਸਿਆ ਉਨ੍ਹਾਂ ਨੂੰ ਮੇਲ ਰਾਹੀਂ ਭੇਜ ਸਕਦੇ ਹੋ। ਸਿਰਫ਼ ਨਾਨਸੈਂਸ ਕ੍ਰਿਏਟ ਕਰਨੀ ਹੁੰਦੀ ਹੈ। ਘੱਟੋ-ਘੱਟ ਪੋਸਟ ਦੀ ਸੰਵੇਦਨਸ਼ੀਲਤਾ ਤਾਂ ਵੇਖ ਲਿਆ ਕਰੋ।