ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਲੋਕਾਂ ਨੂੰ ਸਸਤੇ ਰੇਤੇ ਅਤੇ ਬੱਜਰੀ ਦੀ ਸਪਲਾਈ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸੂਬੇ ਦੇ ਸੱਤ ਜ਼ਿਲ੍ਹਿਆਂ ਵਿੱਚ 16 ਜਨਤਕ ਰੇਤ ਦੀਆਂ ਖੱਡਾਂ ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਮੁੱਖ ਮੰਤਰੀ ਮਾਨ ਨੇ ਲੁਧਿਆਣਾ ਦੇ ਗੋਰਸੀਆਂ ਖਾਨ ਮੁਹੰਮਦ ਵਿਖੇ ਅਜਿਹੀ ਹੀ ਇੱਕ ਜਨਤਕ ਰੇਤ ਦੀ ਖੱਡ ਦਾ ਉਦਘਾਟਨ ਕੀਤਾ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਰੇਤ ਮਾਫੀਆ ਨੂੰ ਖਤਮ ਕਰਕੇ ਆਪਣਾ ਇੱਕ ਹੋਰ ਚੋਣ ਵਾਅਦਾ ਪੂਰਾ ਕੀਤਾ ਹੈ। ਮਾਨ ਨੇ ਕਿਹਾ ਕਿ ਰੇਤ ਮਾਫੀਆ ਦੇ ਕਬਜ਼ੇ ਛੁਡਾਉਣ ਤੋਂ ਬਾਅਦ ਹੁਣ ਜਨਤਕ ਮਾਈਨਿੰਗ ਵਾਲੀਆਂ ਥਾਵਾਂ ‘ਤੇ ਸਿਰਫ 5.50 ਰੁਪਏ ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਰੇਤਾ ਵੇਚਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਖੱਡਾਂ ਦੀ ਗਿਣਤੀ ਵਧਾ ਕੇ 50 ਕਰ ਦਿੱਤੀ ਜਾਵੇਗੀ।
‘ਸਿਰਫ ਹੱਥੀਂ ਰੇਤ ਦੀ ਖੁਦਾਈ ਦੀ ਹੋਵੇਗੀ ਇਜਾਜ਼ਤ’
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਜਨਤਕ ਖੱਡ ਵਾਲੀਆਂ ਥਾਵਾਂ ‘ਤੇ ਸਿਰਫ ਹੱਥੀਂ ਰੇਤ ਦੀ ਖੁਦਾਈ ਦੀ ਇਜਾਜ਼ਤ ਹੋਵੇਗੀ ਅਤੇ ਰੇਤ ਦੀ ਮਕੈਨੀਕਲ ਮਾਈਨਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਮਾਈਨਿੰਗ ਠੇਕੇਦਾਰ ਨੂੰ ਇਨ੍ਹਾਂ ਜਨਤਕ ਖੱਡ ਵਾਲੀਆਂ ਥਾਵਾਂ ‘ਤੇ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਇੱਥੋਂ ਰੇਤ ਨੂੰ ਗੈਰ-ਵਪਾਰਕ ਪ੍ਰਾਜੈਕਟਾਂ ਦੀ ਉਸਾਰੀ ਲਈ ਵਰਤੋਂ ਲਈ ਹੀ ਵੇਚਿਆ ਜਾਵੇਗਾ।
ਐਪ ਰਾਹੀਂ ਲੋਕਾਂ ਨੂੰ ਜਨਤਕ ਖੱਡਾਂ ਤੱਕ ਪਹੁੰਚ ਹੋਵੇਗੀ ਆਸਾਨ
ਉਨ੍ਹਾਂ ਅੱਗੇ ਕਿਹਾ ਕਿ ਰੇਤ ਦੀ ਵਿਕਰੀ ਸਿਰਫ ਸੂਰਜ ਛਿਪਣ ਤੱਕ ਹੀ ਕੀਤੀ ਜਾਵੇਗੀ ਅਤੇ ਇਸ ਸਭ ਦੀ ਨਿਗਰਾਨੀ ਲਈ ਇੱਕ ਸਰਕਾਰੀ ਅਧਿਕਾਰੀ ਹਮੇਸ਼ਾ ਅਜਿਹੀਆਂ ਥਾਵਾਂ ‘ਤੇ ਮੌਜੂਦ ਰਹੇਗਾ। ਮਾਨ ਨੇ ਕਿਹਾ ਕਿ ਲੋਕਾਂ ਨੂੰ ਜਨਤਕ ਰੇਤ ਮਾਈਨਿੰਗ ਸਾਈਟਾਂ ਬਾਰੇ ਜਾਣਕਾਰੀ ਦੇਣ ਲਈ ਇੱਕ ਮੋਬਾਈਲ ਐਪ ਸ਼ੁਰੂ ਕੀਤੀ ਗਈ ਹੈ, ਜਿਸ ‘ਤੇ ਤੁਸੀਂ ਰੇਤ ਖਰੀਦਣ ਲਈ ਆਨਲਾਈਨ ਭੁਗਤਾਨ ਵੀ ਕਰ ਸਕੋਗੇ। ਮਾਨ ਨੇ ਦੱਸਿਆ ਕਿ ਸ਼ਨੀਵਾਰ ਤੱਕ 16 ਖੱਡਾਂ ਲੋਕਾਂ ਨੂੰ ਸਮਰਪਿਤ ਕੀਤੀਆਂ ਜਾ ਚੁੱਕੀਆਂ ਹਨ ਅਤੇ ਅਗਲੇ ਮਹੀਨੇ ਤੱਕ ਸੂਬੇ ਭਰ ਵਿੱਚ ਅਜਿਹੀਆਂ 50 ਹੋਰ ਖਾਣਾਂ ਚਾਲੂ ਹੋ ਜਾਣਗੀਆਂ।