ਭਿਆਨਕ ਸੜਕ ਹਾਦਸਾ, ਸਕੂਲ ਬੱਸ ਤੇ ਟਿੱਪਰ ਦੀ ਟੱਕਰ ’ਚ 13 ਸਾਲਾ ਵਿਦਿਆਰਥੀ ਦੀ ਮੌਤ

ਤਰਨਤਾਰਨ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਮੀਆਂਵਿੰਡ ਵਿਖੇ ਸਕੂਲ ਬੱਸ ਅਤੇ ਇੱਕ ਟਿੱਪਰ ਵਿਚਾਲੇ ਭਿਆਨਕ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਇਸ ਵਿੱਚ ਇੱਕ 13 ਸਾਲਾ ਵਿਦਿਆਰਥੀ ਦੀ ਮੌ.ਤ ਹੋਣ ਦੀ ਖਬਰ ਮਿਲੀ ਹੈ। ਇਸ ਵਿਦਿਆਰਥੀ ਦੀ ਪਹਿਚਾਣ ਸਾਹਿਲ ਸਿੰਘ ਪੁੱਤਰ ਸਿਕੰਦਰ ਸਿੰਘ ਵਾਸੀ ਜਵੰਦਪੁਰ ਵਜੋਂ ਹੋਈ ਹੈ। ਇਸ ਹਾਦਸੇ ਵਿੱਚ ਜਿੱਥੇ ਇੱਕ ਬੱਚੇ ਦੀ ਮੌ.ਤ ਹੋ ਗਈ, ਉੱਥੇ ਹੀ ਬੱਸ ਚਾਲਕ ਸਤਨਾਮ ਸਿੰਘ ਦੀਆਂ ਲੱਤਾਂ ਟੁੱਟ ਗਈਆਂ ਹਨ। ਇਸ ਘਟਨਾ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਵੈਰੋਵਾਲ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ । ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਸਕੂਲ ਦੀ ਬੱਸ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦੀ ਹੋਈ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ। ਜਦੋਂ ਸਕੂਲ ਬੱਸ ਮੀਆਂਵਿੰਡ ਤੋਂ ਕਰੀਬ ਦੋ ਕਿਲੋਮੀਟਰ ਅੱਗੇ ਪਹੁੰਚੀ ਤਾਂ ਸਕੂਲ ਬੱਸ ਦੀ ਇੱਕ ਟਿੱਪਰ ਨਾਲ ਆਹਮੋ-ਸਾਹਮਣੇ ਤੋਂ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕਈ ਛੋਟੇ ਬੱਚਿਆਂ ਨੂੰ ਸੱਟਾਂ ਵੀ ਲੱਗੀਆਂ ਹਨ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।

About The Author