ਜਲੰਧਰ : ਸੀਆਈਏ ਸਟਾਫ ਦੀ ਪੁਲਿਸ ਨੇ ਵੱਖ–ਵੱਖ ਥਾਵਾਂ ਤੋਂ ਕਾਰ ਅਤੇ ਆਟੋ ਵਿਚ ਨਾਜਾਇਜ਼ ਸ਼ਰਾਬ ਦੀ ਸਪਲਾਈ ਦੇਣ ਜਾਂਦੇ ਦੋ ਤਸਕਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਹਨ।
ਏਸੀਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ਼ ਦੇ ਇੰਚਾਰਜ ਸਬ ਇੰਸਪੈਕਟਰ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਚੌਕ ਵਿਚ ਨਾਕਾਬੰਦੀ ਕੀਤੀ ਹੋਈ ਸੀ। ਨਾਕੇ ਤੋਂ ਲੰਘ ਰਹੇ ਇਕ ਆਟੋ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਜਦ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ‘ਚੋਂ 12 ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋਈਆਂ ਹਨ। ਜਿਸ ਬਾਰੇ ਚਾਲਕ ਕੋਈ ਢੱੁਕਵਾਂ ਜਵਾਬ ਨਹੀਂ ਦੇ ਸਕਿਆ। ਇਸ ‘ਤੇ ਆਟੋ ਚਾਲਕ ਜਿਸ ਦੀ ਪਛਾਣ ਸ਼ਿਵਮ ਉਰਫ ਬੱਚਾ ਵਾਸੀ ਘਾਹ ਮੰਡੀ ਦੇ ਰੂਪ ਵਿਚ ਹੋਏ ਹੈ, ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਇਸੇ ਤਰ੍ਹਾਂ ਪੁਲਿਸ ਪਾਰਟੀ ਕਚਹਿਰੀ ਚੌਕ ਵਿਚ ਮੌਜੂਦ ਸੀ। ਇਸ ਦੋਰਾਨ ਮੁਖਬਰ ਖਾਸ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਸੁਸ਼ਾਂਤ ਵਾਸੀ ਮੁਹੱਲਾ ਗੋਬਿੰਦਗੜ੍ਹ ਜੋ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ, ਕਾਰ ਨੰਬਰ ਡੀਐੱਲ 2 ਸੀਏ 0607 ਵਿਚ ਨਾਜਾਇਜ਼ ਸ਼ਰਾਬ ਰੱਖ ਕੇ ਪ੍ਰਰੀਤਨਗਰ ਫਾਟਕ ਤੋਂ ਅਲਾਸਕਾ ਚੌਕ ਵੱਲ ਆ ਰਿਹਾ ਹੈ। ਇਸ ‘ਤੇ ਪੁਲਿਸ ਪਾਰਟੀ ਨੇ ਦੱਸੀ ਥਾਂ ‘ਤੇ ਨਾਕੇਬੰਦੀ ਕਰ ਦਿੱਤੀ। ਉਕਤ ਨੰਬਰ ਦੀ ਗੱਡੀ ਨੂੰ ਰੁਕਵਾ ਕੇ ਤਲਾਸ਼ੀ ਲਈ ਤਾਂ ਕਾਰ ‘ਚੋਂ 12 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਸ਼ਰਾਬ ਤਸਕਰ ਸੁਸ਼ਾਂਤ ਨੂੰ ਗਿ੍ਫਤਾਰ ਕਰ ਲਿਆ ਗਿਆ। ਏਸੀਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਰਾਬ ਤਸਕਰਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਪੁੱਛਗਿਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਤਸਕਰਾਂ ਦੇ ਖਿਲਾਫ ਪਹਿਲਾਂ ਵੀ ਸ਼ਰਾਬ ਤਸਕਰੀ ਦੇ ਮਾਮਲੇ ਦਰਜ ਹਨ।