ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਸਾਲ ਹੋਣ ਵਾਲਾ ਹੈ। 19 ਮਾਰਚ ਨੂੰ ਉਸ ਦੀ ਪਹਿਲੀ ਬਰਸੀ ਮਨਾਈ ਗਈ ਸੀ। ਇਸ ਦੌਰਾਨ ਭਾਰੀ ਗਿਣਤੀ ਵਿੱਚ ਮੂਸੇਵਾਲਾ ਦੇ ਪ੍ਰਸ਼ੰਸਕ ਉਸ ਦੀ ਬਰਸੀ ਸਮਾਗਮ ‘ਚ ਸ਼ਰਧਾਂਜਲੀ ਦੇਣ ਲਈ ਪਹੁੰਚੁ ਸੀ। ਇਹੀ ਨਹੀਂ ਮੂਸੇਵਾਲਾ ਦੇ ਮਰਨ ਤੋਂ ਇਕ ਸਾਲ ਬਾਅਦ ਅੱਜ ਵੀ ਉਸ ਦੇ ਗਾਣੇ ਸੋਸ਼ਲ ਮੀਡੀਆ ‘ਤੇ ਟਰੈਂਡ ਕਰਦੇ ਰਹਿੰਦੇ ਹਨ।
ਹੁਣ ਸਿੱਧੂ ਮੂਸੇਵਾਲਾ ਨੂੰ ਲੈਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਇੰਸਟਾਗ੍ਰਾਮ ਮਿਊਜ਼ਿਕ ਤੋਂ ਮੂਸੇਵਾਲਾ ਦੇ ਕਈ ਗਾਣੇ ਡਿਲੀਟ ਕਰ ਦਿੱਤੇ ਗਏ ਹਨ। ਇਨ੍ਹਾਂ ਵਿੱਚ ਮੂਸੇਵਾਲਾ ਦੇ ‘ਸੋ ਹਾਈ’, ‘ਸੈਲੇਬ੍ਰਿਟੀ ਕਿੱਲਰ’, ਮੂਜ਼ਡਰਿਲਾ ਤੇ ਜੀ ਸ਼ਿੱਟ ਵਰਗੇ ਗਾਣੇ ਹੁਣ ਇੰਸਟਾਗ੍ਰਾਮ ‘ਤੇ ਮੌਜੂਦ ਨਹੀਂ ਹਨ। ਜੇ ਤੁਸੀਂ ਇਨ੍ਹਾਂ ਗਾਣਿਆਂ ‘ਤੇ ਰੀਲ ਬਣਾਉਣ ਜਾਂਦੇ ਹੋ ਤਾਂ ਤੁਹਾਨੂੰ ਇਹ ਗਾਣੇ ਨਹੀਂ ਲੱਭਦੇ। ਇਨ੍ਹਾਂ ਸਾਰੀਆਂ ਗੱਲਾਂ ‘ਤੇ ਫੈਨਜ਼ ਹੈਰਾਨ ਪਰੇਸ਼ਾਨ ਹੋ ਰਹੇ ਹਨ ਕਿ ਆਖਰ ਕਿਉਂ ਮੂਸੇਵਾਲਾ ਦੇ ਕਈ ਗਾਣੇ ਇੰਸਟਾ ਤੋਂ ਗਾਇਬ ਹੋ ਗਏ। ਲੋਕ ਇਸ ਦੇ ਪਿੱਛੇ ਦਾ ਕਾਰਨ ਜਾਣਨਾ ਚਾਹੁੰਦੇ ਹਨ।
ਰੁਪਿੰਦਰ ਹਾਂਡਾ ਨੇ ਪਾਈ ਇਹ ਪੋਸਟ:
ਗਾਇਕਾ ਰੁਪਿੰਦਰ ਹਾਂਡਾ ਨੇ ਵੀ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਫੈਨਜ਼ ਤੋਂ ਸਵਾਲ ਪੁੱਛਿਆ ਹੈ ਕਿ ‘ਕੀ ਸਿੱਧੂ ਮੂਸੇਵਾਲਾ ਦੇ ਗਾਣੇ ਇੰਸਟਾ ਮਿਊਜ਼ਿਕ ਤੋਂ ਡਿਲੀਟ ਹੋ ਗਏ ਹਨ?’
ਕਿਉਂ ਡਿਲੀਟ ਹੋਏ ਗਾਣੇ?
ਪਿਛਲੇ ਦਿਨੀਂ ਮੂਸੇਵਾਲਾ ਦਾ ਗਾਣਾ ‘ਸੋ ਹਾਈ’ ਸਪੌਟੀਫਾਈ ਤੋਂ ਵੀ ਡਿਲੀਟ ਹੋਇਆ ਸੀ। ਇਸ ਦੇ ਪਿੱਛੇ ਇਹ ਵਜ੍ਹਾ ਸਾਹਮਣੇ ਆਈ ਸੀ ਕਿ ਗਾਣੇ ਦਾ ਡਿਸਟ੍ਰਿਿਬਊਟਰ ਬਦਲ ਗਿਆ ਸੀ। ਗਾਣੇ ਨੂੰ ਨਵੀਂ ਕੰਪਨੀ ਨੇ ਆਪਣੇ ਲੇਬਲ ‘ਤੇ ਸਪੌਟੀਫਾਈ ‘ਤੇ ਰਿਲੀਜ਼ ਕੀਤਾ ਸੀ। ਇਹੀ ਕਾਰਨ ਇੰਸਟਾ ਮਿਊਜ਼ਿਕ ‘ਤੇ ਵੀ ਹੋ ਸਕਦਾ ਹੈ। ਕਈ ਵਾਰ ਕਈ ਗਾਇਕਾਂ ਦੇ ਗਾਣੇ ਕਾਪੀਰਾਈਟ ਮਸਲੇ ਕਰਕੇ ਵੀ ਹਟ ਜਾਂਦੇ ਹਨ। ਕਿਉਂਕਿ ਡਿਸਟ੍ਰਿਿਬਊਟਰ ਬਦਲ ਜਾਂਦਾ ਹੈ ਜਾਂ ਫਿਰ ਗਾਣੇ ‘ਤੇ ਕਾਪੀਰਾਈਟ ਕਲੇਮ ਪਾਇਆ ਜਾਂਦਾ ਹੈ।
ਕਾਬਿਲੇਗ਼ੌਰ ਹੈ ਕਿ ਮੂਸੇਵਾਲਾ ਦੇ ਗਾਣਿਆਂ ‘ਤੇ ਇੰਸਟਾਗ੍ਰਾਮ ‘ਤੇ ਕਰੋੜਾਂ ਲੋਕਾਂ ਨੇ ਰੀਲਾਂ ਬਣਾਈਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ‘ਸੋ ਹਾਈ’ ਗਾਣੇ ‘ਤੇ ਰੀਲਾਂ ਬਣੀਆਂ ਸੀ। ਇਸ ਗਾਣੇ ‘ਤੇ 3 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਰੀਲਾਂ ਬਣਾਈਆਂ ਸੀ। ਇਹ ਮੂਸੇਵਾਲਾ ਦਾ ਪਹਿਲਾ ਗਾਣਾ ਸੀ, ਜਿਸ ਨੂੰ ਉਸ ਨੇ ਖੁਦ ਗਾਇਆ ਸੀ। ਇਹ ਗਾਣਾ 2017 ‘ਚ ਰਿਲੀਜ਼ ਹੋਇਆ ਸੀ।