ਜਲੰਧਰ : ਥਾਣਾ ਨੰਬਰ-8 ਦੀ ਹੱਦ ‘ਚ ਪੈਂਦੇ ਸੰਤੋਖਪੁਰਾ ਵਿਚ ਇਕ ਨੌਜਵਾਨ ਨਾਲ ਲਿਵ ਇਨ ਰਿਲੇਸ਼ਨਸ਼ਿਪ ਰਹਿ ਰਹੀ ਅੌਰਤ ਦੀ ਲਾਸ਼ ਮਿਲਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ। ਮਿ੍ਤਕ ਦੀ ਭੈਣ ਕਮਲਦੀਪ ਕੌਰ ਵਾਸੀ ਟਾਂਡਾ ਨੇ ਦੱਸਿਆ ਕਿ ਉਸ ਦੀ ਭੇੈਣ ਪਿਛਲੇ ਦੋ ਸਾਲ ਤੋਂ ਵਿਨੋਦ ਵਾਸੀ ਧੋਗੜੀ ਨਾਲ ਲਿਵ ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੀ ਸੀ। ਪਿਛਲੇ ਦੋ ਤਿੰਨ ਦਿਨ ਤੋਂ ਜਦ ਉਸ ਦੀ ਮਨਦੀਪ ਕੌਰ ਨਾਲ ਗੱਲ ਨਹੀਂ ਹੋਈ ਤਾਂ ਉਹ ਅੱਜ ਜਲੰਧਰ ਪਹੁੰਚੇ ਸਨ। ਜਦੋਂ ਉਹ ਘਰ ‘ਚ ਪਹੁੰਚੇ ਤਾਂ ਕਮਰੇ ‘ਚੋਂ ਬਦਬੂ ਆ ਰਹੀ ਸੀ। ਜਦ ਉਹ ਕੰਧ ਟੱਪ ਕੇ ਅੰਦਰ ਗਏ ਤਾਂ ਦੇਖਿਆ ਤਾਂ ਰਜਾਈ ‘ਚ ਉਸ ਦੀ ਭੈਣ ਦੀ ਲਾਸ਼ ਪਈ ਸੀ।
ਕਮਲਦੀਪ ਕੌਰ ਨੇ ਦੱਸਿਆ ਕਿ ਉਸ ਦੀ ਭੈਣ ਮਨਦੀਪ ਕੌਰ ਦਾ ਪਹਿਲੇ ਪਤੀ ਨਾਲ ਤਲਾਕ ਹੋ ਚੁੱਕਿਆ ਹੈ ਤੇ ਪਹਿਲੇ ਵਿਆਹ ਤੋਂ ਉਸ ਦਾ ਇਕ ਅੱਠ ਸਾਲ ਦਾ ਪੁੱਤਰ ਵੀ ਹੈ। ਪਿਛਲੇ ਦੋ ਸਾਲ ਤੋਂ ਉਹ ਵਿਨੋਦ ਕੁਮਾਰ ਵਾਸੀ ਧੋਗੜੀ ਨਾਲ ਸੰਤੋਖਪੁਰਾ ‘ਚ ਰਹਿ ਰਹੀ ਹੈ। ਵਿਨੋਦ ਕੁਮਾਰ ਦਾ ਆਪਣੀ ਪਹਿਲੀ ਪਤਨੀ ਨਾਲ ਤਲਾਕ ਨਾ ਹੋਣ ਕਾਰਨ ਹਾਲੇ ਉਸ ਦੀ ਭੈਣ ਨਾਲ ਵਿਆਹ ਨਹੀਂ ਕਰਵਾਇਆ ਸੀ। ਵਿਨੋਦ ਕੁਮਾਰ ਦੇ ਪਿਤਾ ਨੇ ਉਸ ਨੂੰ ਬੇਦਖਲ ਕੀਤਾ ਹੋਇਆ ਹੈ ਤੇ ਵਿਨੋਦ ਕੁਮਾਰ ਦੇ ਪਹਿਲੇ ਵਿਆਹ ਤੋਂ ਹੋਏ ਬੱਚੇ ਉਸ ਦੇ ਪਿਤਾ ਕੋਲ ਹੀ ਰਹਿੰਦੇ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੰਬਰ-8 ਦੇ ਮੁਖੀ ਸਬ ਇੰਸਪੈਕਟਰ ਗੁਰਪ੍ਰਰੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਤੇ ਮਨਦੀਪ ਕੌਰ ਦੀ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਥਾਣਾ ਮੁਖੀ ਗੁਰਪ੍ਰਰੀਤ ਸਿੰਘ ਨੇ ਦੱਸਿਆ ਕਿ ਮੌਤ ਤਕਰੀਬਨ ਦੋ ਤਿੰਨ ਦਿਨ ਪਹਿਲਾਂ ਹੋਈ ਜਾਪਦੀ ਹੈ ਕਿਉਂਕਿ ਲਾਸ਼ ਫੈਲੀ ਹੋਈ ਹੈ ਤੇ ਬਦਬੂ ਬਾਹਰ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਮੌਤ ਦੇ ਕਾਰਨਾਂ ਦਾ ਸਹੀ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਫਿਲਹਾਲ ਮਿ੍ਤਕ ਮਨਦੀਪ ਕੌਰ ਦੀ ਭੈਣ ਕਮਲਦੀਪ ਕੌਰ ਦੇ ਬਿਆਨਾਂ ‘ਤੇ ਵਿਨੋਦ ਕੁਮਾਰ ਦੇ ਖ਼ਿਲਾਫ਼ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।