ਪਾਕਿਸਤਾਨ ਦਾ ਗੰਦਾ ਕਾਰਾ

ਸਮੇਂ-ਸਮੇਂ ’ਤੇ ਪਾਕਿਸਤਾਨ ਦੀਆਂ ਚਮਡ਼ਾ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਸਤਲੁਜ ਦਰਿਆ ਵਿਚ ਸੁੱਟਿਆ ਜਾਂਦਾ ਹੈ, ਜਿਸ ਕਾਰਨ ਕਈ ਵਾਰ ਹਜ਼ਾਰਾਂ ਮੱਛੀਆਂ ਮਰ ਜਾਂਦੀਆਂ ਹਨ ਅਤੇ ਅਜਿਹੇ ਜ਼ਹਿਰੀਲੇ ਪਾਣੀ ਕਾਰਨ ਸਤਲੁਜ ਦਰਿਆ ਦੇ ਨਾਲ ਲੱਗਦੇ ਕਈ ਸਰਹੱਦੀ ਪਿੰਡ ਦੇ ਲੋਕ ਕੈਂਸਰ, ਚਮਡ਼ੀ ਰੋਗ ਅਤੇ ਹੋਰ ਬਹੁਤ ਸਾਰੀਆਂ ਭਿਆਨਕ ਬੀਮਾਰੀਆਂ ਦੇ ਸ਼ਿਕਾਰ ਹੋਏ ਹਨ ਅਤੇ ਬਹੁਤ ਸਾਰੇ ਬੱਚੇ ਮੰਦਬੁੱਧੀ ਹੋਏ ਹਨ।

ਸਮੇਂ-ਸਮੇਂ ’ਤੇ ਸਰਹੱਦੀ ਲੋਕ ਇਹ ਸ਼ਿਕਾਇਤ ਸਰਕਾਰਾਂ ਦੇ ਧਿਆਨ ’ਚ ਲਿਆਉਂਦੇ ਰਹਿੰਦੇ ਹਨ ਪਰ ਅੱਜ ਤੱਕ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ।

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਕ ਵਾਰ ਫਿਰ ਪਾਕਿਸਤਾਨ ਵੱਲੋਂ ਕਸੂਰ ਦੀਆਂ ਚਮਡ਼ਾ ਫੈਕਟਰੀਆਂ ਦਾ ਰਸਾਇਣਕ ਜ਼ਹਿਰੀਲਾ ਪਾਣੀ ਭਾਰਤੀ ਸਰਹੱਦੀ ਵਿਚ ਛੱਡਿਆ ਗਿਆ ਹੈ। ਕੁਝ ਕਿਸਾਨਾਂ ਨੇ ਦੱਸਿਆ ਕਿ ਇਹ ਛੱਡਿਆ ਜ਼ਹਿਰੀਲਾ ਪਾਣੀ ਉਨ੍ਹਾਂ ਦੇ ਖੇਤਾਂ ਵਿਚ ਦਾਖਲ ਹੋ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀਆਂ ਫਸਲਾਂ ਦਾ ਵੀ ਨੁਕਸਾਨ ਹੋ ਸਕਦਾ ਹੈ ਅਤੇ ਇੱਥੇ ਰਹਿਣ ਵਾਲੇ ਲੋਕ ਕਈ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਵੀ ਹੋ ਸਕਦੇ ਹਨ। ਲੋਕਾਂ ਨੇ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਭਾਰਤ ਸਰਕਾਰ ਨੂੰ ਤੁਰੰਤ ਪਾਕਿਸਤਾਨ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਪਾਕਿਸਤਾਨ ਨੂੰ ਕਸੂਰ ਦੀਆਂ ਚਮਡ਼ਾ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਭਾਰਤੀ ਸਰਹੱਦ ਵਿਚ ਛੱਡਣ ਤੋਂ ਰੋਕਿਆ ਜਾਵੇ।

 

About The Author