ਲੁਧਿਆਣਾ : ਪੰਜਾਬ ‘ਚ ਮੌਸਮ ਨੂੰ ਲੈ ਕੇ ਅਗਲੇ 4 ਦਿਨਾਂ ਲਈ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਲਈ ਬਾਹਰ ਨਿਕਲਣ ਤੋਂ ਪਹਿਲਾਂ ਮੌਸਮ ਨੂੰ ਲੈ ਕੇ ਅਪਡੇਟ ਜ਼ਰੂਰ ਲੈ ਲਓ। ਮੌਸਮ ਵਿਭਾਗ ਚੰਡੀਗੜ੍ਹ ਦੇ ਮੁਤਾਬਕ ਪੰਜਾਬ ‘ਚ ਤੇਜ਼ ਹਨ੍ਹੇਰੀ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਆਉਣ ਵਾਲੇ 4 ਦਿਨਾਂ ਤੱਕ ਹਲਕੇ ਤੋਂ ਦਰਮਿਆਨੇ ਮੀਂਹ ਦੇ ਆਸਾਰ ਦੱਸੇ ਗਏ ਹਨ। ਇਕ ਜੂਨ ਤੱਕ ਪੂਰੇ ਪੰਜਾਬ ਅੰਦਰ 30 ਤੋਂ 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਗਰਜ਼-ਚਮਕ ਨਾਲ ਮੀਂਹ ਪੈ ਸਕਦਾ ਹੈ। ਮਈ ਮਹੀਨੇ ’ਚ ਇੱਕਾ-ਦੁੱਕਾ ਦਿਨ ਛੱਡ ਕੇ ਪੰਜਾਬ ’ਚ ਗਰਮੀ ਤੋਂ ਰਾਹਤ ਹੀ ਰਹੀ ਹੈ। ਪੰਜਾਬ ‘ਚ ਬੀਤੇ ਦਿਨ ਤਾਪਮਾਨ ’ਚ 3.4 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਸਭ ਤੋਂ ਵੱਧ ਤਾਪਮਾਨ ਫਰੀਦਕੋਟ ਜ਼ਿਲ੍ਹੇ ਦਾ 38.5 ਡਿਗਰੀ ਸੈਲਸੀਅਸ ਰਿਹਾ। ਬੀਤੇ ਦਿਨ ਵੀ ਹਲਕੀ ਬੱਦਲਵਾਈ ਬਣੀ ਰਹੀ, ਬਾਵਜੂਦ ਇਸ ਦੇ ਤਪਿਸ਼ ਮਹਿਸੂਸ ਕੀਤੀ ਗਈ।