04/16/2024 4:49 PM

ਗੁਰਦੁਆਰਾ ਸਿੱਖ ਐਸੋਸੀਏਸ਼ਨ ਬਾਲਟੀਮੋਰ ’ਚ ਕਰਵਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਸਮਾਗਮ

Amazing tv USA ਗੁਰਦੁਆਰਾ ਸਿੱਖ ਐਸੋਸੀਏਸ਼ਨ ਬਾਲਟੀਮੋਰ ਇਲਾਕੇ ਦੀਆਂ ਸੰਗਤਾਂ ਲਈ ਸਿੱਖੀ ਸ਼ਰਧਾ ਦਾ ਪ੍ਰਤੀਕ ਹੈ ਅਤੇ ਇੱਥੇ ਸਿੱਖ ਧਰਮ ਨਾਲ ਸਬੰਧਿਤ ਦਿਨ ਤਿਓਹਾਰ ਮਨਾ ਕੇ ਸ਼ਰਧਾ ਪੂਰੀ ਕੀਤੀ ਜਾਂਦੀ ਹੈ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸੰਨੀ ਨੇ ਦੱਸਿਆ ਕਿ ਬੀਤੇ ਐਤਵਾਰ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਅਤੇ ਗੁਰਬਾਣੀ ਕੀਰਤਨ ਦਾ ਪ੍ਰਵਾਹ ਚੱਲਿਆ। ਇਸ ਮੌਕੇ ਭਾਈ ਰਛਪਾਲ ਸਿੰਘ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਨਿਹਾਲ ਕੀਤਾ। ਵੱਡੀ ਗਿਣਤੀ ’ਚ ਪਹੁੰਚੀਆਂ ਸੰਗਤਾਂ ਨੇ ਜਿੱਥੇ ਗੁਰਬਾਣੀ ਦਾ ਅਨੰਦ ਮਾਣਿਆ ਉੱਥੇ ਸਮਾਗਮਾ ਵਿਚ ਸੇਵਾ ਵੀ ਕਰਵਾਈ। ਤਿੰਨੇ ਦਿਨ ਗੁਰੂ ਕੇ ਲੰਗਰ ਅਤੱੁਟ ਵਰਤਾਏ ਗਏ। ਪ੍ਰੈਜ਼ੀਡੈਂਟ ਗੁਰਪ੍ਰੀਤ ਸਿੰਘ ਸੰਨੀ ਦੇ ਨਾਲ ਚੇਅਰਮੈਨ ਚਰਨਜੀਤ ਸਿੰਘ ਸਰਪੰਚ ਅਤੇ ਸਕੱਤਰ ਹਰਭਜਨ ਸਿੰਘ ਨੇ ਸਮੱੁਚੇ ਸਮਾਗਮ ਦੇ ਪ੍ਰਬੰਧਾਂ ਵਿਚ ਅਹਿਮ ਭੂਮਿਕਾ ਨਿਭਾਈ। ਪ੍ਰਧਾਨ ਗੁਰਪ੍ਰੀਤ ਸਿੰਘ ਸੰਨੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਚ ਸੰਗਤਾਂ ਦੇ ਸਹਿਯੋਗ ਨਾਲ ਸਿੱਖ ਧਰਮ ਨਾਲ ਸਬੰਧਿਤ ਸਾਰੇ ਤਿਓਹਾਰ ਇਸੇ ਤਰਾਂ ਮਨਾਏ ਜਾਇਆ ਕਰਨਗੇ।