05/21/2024 1:36 AM

ਬਠਿੰਡਾ ਤੋਂ ਦਿੱਲੀ ਲਈਅੱਜ ਤੋਂ ਸ਼ੁਰੂ ਹੋਣਗੀਆਂ ਹਵਾਈ ਉਡਾਣਾਂ, ਹਫ਼ਤੇ ‘ਚ 3 ਦਿਨ ਮਿਲੇਗੀ ਸਹੂਲਤ

ਪੰਜਾਬ ਦੇ ਬਠਿੰਡਾ ਤੋਂ ਦਿੱਲੀ ਲਈ ਹਵਾਈ ਉਡਾਣਾਂ ਅੱਜ ਯਾਨੀ ਸੋਮਵਾਰ ਤੋਂ ਸ਼ੁਰੂ ਹੋ ਰਹੀਆਂ ਹਨ। ਅਲਾਇੰਸ ਏਅਰ ਅੱਜ ਤੋਂ ਹਫ਼ਤੇ ਵਿੱਚ ਤਿੰਨ ਦਿਨ ਉਡੇਗੀ। ਕੁੱਝ ਦੇਰ ‘ਚ ਹੀ ਦਿੱਲੀ ‘ਤੋਂ ਫਲਾਈਟ ਬਠਿੰਡਾ ਪਹੁੰਚੇਗੀ। ਕੈਪਟਨ ਗੌਰਵ ਪ੍ਰੀਤ ਬਰਾੜ ਇਸ ਫਲਾਈਟ ਨੂੰ ਬਠਿੰਡਾ ਵਿਰਕ ਕਲਾਂ ਏਅਰਪੋਰਟ ਲੈ ਕੇ ਜਾਣਗੇ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਇਸ ਫਲਾਈਟ ਦੇ ਆਉਣ ‘ਤੇ ਸਵਾਗਤ ਕਰਨਗੇ।

ਕਨੈਕਟਿੰਗ ਨਿਊ ਇੰਡੀਆ ਸਕੀਮ ਤਹਿਤ ਕਰੀਬ ਸਾਢੇ 3 ਸਾਲਾਂ ਬਾਅਦ ਅਲਾਇੰਸ ਏਅਰ ਹਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਦਿੱਲੀ-ਬਠਿੰਡਾ-ਦਿੱਲੀ ਫਲਾਈਟ ਚਲਾਏਗੀ। ਅਲਾਇੰਸ ਏਅਰ ਵੱਲੋਂ ਤੈਅ ਸ਼ਡਿਊਲ ਮੁਤਾਬਕ 42 ਸੀਟਾਂ ਵਾਲਾ ਜਹਾਜ਼ ਦਿੱਲੀ ਏਅਰਪੋਰਟ ਤੋਂ ਦੁਪਹਿਰ 1.25 ਵਜੇ ਉਡਾਣ ਭਰੇਗਾ। ਜੋ ਬਾਅਦ ਦੁਪਹਿਰ 2.40 ਵਜੇ ਬਠਿੰਡਾ ਦੇ ਵਿਰਕ ਕਲਾਂ ਘਰੇਲੂ ਹਵਾਈ ਅੱਡੇ ‘ਤੇ ਉਤਰੇਗਾ।

ਬਠਿੰਡਾ ਤੋਂ ਇਹ ਜਹਾਜ਼ ਦੁਪਹਿਰ 3.05 ਵਜੇ ਉਡਾਣ ਭਰੇਗਾ ਅਤੇ ਸ਼ਾਮ 4.15 ਵਜੇ ਦਿੱਲੀ ਹਵਾਈ ਅੱਡੇ ‘ਤੇ ਪਹੁੰਚੇਗਾ। ਬਠਿੰਡਾ ਤੋਂ ਦਿੱਲੀ ਦਾ ਹਵਾਈ ਸਫ਼ਰ ਕਰੀਬ 55 ਮਿੰਟ ਦਾ ਹੋਵੇਗਾ। ਹਵਾਈ ਸੇਵਾ ਦਾ ਕਿਰਾਇਆ 1999 ਰੁਪਏ ਰੱਖਿਆ ਗਿਆ ਹੈ। ਜਿਸ ਦੇ ਤਹਿਤ allianceair.in ਜਾਂ ਹੋਰ ਵੈੱਬਸਾਈਟਾਂ ‘ਤੇ ਫਲਾਈਟ ਬੁਕਿੰਗ ਸ਼ੁਰੂ ਹੋ ਗਈ ਹੈ।

ਸਟੇਸ਼ਨ ਮੈਨੇਜਰ ਲਕਸ਼ਮਣ ਭਾਰਦਵਾਜ ਨੇ ਦੱਸਿਆ ਕਿ ਹਵਾਈ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਅਲਾਇੰਸ ਏਅਰ ਏਵੀਏਸ਼ਨ ਲਿਮਟਿਡ ਦੇ ਅਧਿਕਾਰੀ ਵਿਰਕ ਕਲਾਂ ਸਿਵਲ ਸਟੇਸ਼ਨ ਦਾ ਸਰਵੇ ਕਰਨਗੇ। ਇਸ ਦੌਰਾਨ ਯਾਤਰੀਆਂ ਲਈ ਵਾਤਾਵਰਣ, ਸਹੂਲਤਾਂ ਅਤੇ ਪ੍ਰਬੰਧਾਂ ਤੋਂ ਇਲਾਵਾ ਜਹਾਜ਼ ਦੀ ਲੈਂਡਿੰਗ ਅਤੇ ਉਡਾਣ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਜਾਵੇਗਾ।

ਥਾਣਾ ਇੰਚਾਰਜ ਮਨਪ੍ਰੀਤ ਕੌਰ ਨੇ ਦੱਸਿਆ ਕਿ ਅਲਾਇੰਸ ਏਅਰ ਦੇ ਸਟਾਫ ਨੇ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਹੈ। ਏਅਰਪੋਰਟ ਅਥਾਰਟੀ ਦੇ ਮੈਂਬਰ ਸਲਾਹਕਾਰ ਡਾ: ਗੁਰਚਰਨ ਸਿੰਘ ਵਿਰਕ ਨੇ ਦੱਸਿਆ ਕਿ ਹਵਾਈ ਯਾਤਰਾ ਦੌਰਾਨ ਯਾਤਰੀ 15 ਕਿਲੋ ਸਮਾਨ ਤੋਂ ਇਲਾਵਾ 5 ਕਿਲੋ ਦਾ ਹੈਂਡ ਬੈਗ ਵੀ ਆਪਣੇ ਨਾਲ ਲੈ ਜਾ ਸਕੇਗਾ। ਇਸ ਤੋਂ ਵੱਧ ਸਾਮਾਨ ਲਈ 250 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਿਰਾਇਆ ਦੇਣਾ ਹੋਵੇਗਾ।