03/01/2024 7:16 AM

ਬੜੇ ਕੰਮ ਦੀ ਚੀਜ਼ ਸਰੋਂ ਦਾ ਤੇਲ

ਪੰਜਾਬ ‘ਚ ਸਰ੍ਹੋਂ ਦਾ ਤੇਲ ਆਸਾਨੀ ਨਾਲ ਮਿਲ ਜਾਂਦਾ ਹੈ। ਇਹ ਰਸੋਈ ਵਿੱਚ ਪ੍ਰਾਚੀਨ ਕਾਲ ਤੋਂ ਹੀ ਵਰਤਿਆ ਜਾ ਰਿਹਾ ਹੈ। ਅੱਜ ਦੇ ਦੌਰ ਵਿੱਚ ਕਈ ਲੋਕ ਸਰੋਂ ਦੇ ਤੇਲ ਨਾਲੋਂ ਘਿਓ ਜਾਂ ਰਿਫਾਇੰਡ ਨੂੰ ਤਰਜੀਹ ਦਿੰਦੇ ਹਨ। ਸ਼ਾਇਦ ਉਹ ਸਰੋਂ ਦੇ ਤੇਲ ਦੇ ਫਾਇਦੇ ਨਹੀਂ ਜਾਣਦੇ। ਸਰ੍ਹੋਂ ਦਾ ਤੇਲ ਨੂੰ ਮੈਡੀਸਨ ਦਾ ਦਰਜਾ ਹਾਸਲ ਹੈ। ਇਸ ਲਈ ਘਿਓ ਜਾਂ ਰਿਫਾਇੰਡ ਨਾਲੋਂ ਸਰੋਂ ਦੇ ਤੇਲ ਦਾ ਤੜਕਾ ਲਾਉਣਾ ਚਾਹੀਦਾ ਹੈ।

ਦਰਅਸਲ ਸਿਰ ‘ਤੇ ਲਾਉਣ ਲਈ ਜਾਂ ਸਰਦੀ-ਜੁਕਾਮ ‘ਚ ਸਰੀਰ ਦੀ ਮਾਲਿਸ਼ ਕਰਨ ਲਈ ਮਾਂ ਤੇ ਦਾਦੀ ਸਰ੍ਹੋਂ ਦਾ ਤੇਲ ਹੀ ਵਰਦੀਆਂ ਹਨ। ਇਹ ਕੁਦਰਤੀ ਤੇਲ ਹੈ, ਜਿਸ ਦੀ ਵਰਤੋਂ ਕਿਤੇ ਵੀ ਕੀਤੀ ਜਾ ਸਕਦੀ ਹੈ। ਸਰ੍ਹੋਂ ਦਾ ਤੇਲ ਖਾਣਾ ਪਕਾਉਣ ‘ਚ ਵੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਲਈ ਇਸ ਨੂੰ ਸਿਹਤ ਦਾ ਖਜ਼ਾਨਾ ਕਿਹਾ ਜਾਂਦਾ ਹੈ। ਇਹ ਤੇਲ ਇੰਨਾ ਫ਼ਾਇਦੇਮੰਦ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਭਾਵੇਂ ਗੱਲ ਵਾਲਾਂ ਦੀ ਹੋਵੇ ਜਾਂ ਚਮੜੀ ਦੀ, ਇਸ ਨੂੰ ਬਹੁਤ ਹੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇੰਨਾ ਹੀ ਨਹੀਂ, ਸਰ੍ਹੋਂ ਦਾ ਤੇਲ ਕੈਂਸਰ ਵਰਗੀਆਂ ਬੀਮਾਰੀਆਂ ਦੇ ਖ਼ਤਰੇ ਨੂੰ ਵੀ ਘੱਟ ਕਰਦਾ ਹੈ। ਆਓ ਜਾਣਦੇ ਹਾਂ ਇਸ ਦੇ ਕੀ ਫ਼ਾਇਦੇ ਹਨ…

ਸਿਹਤਮੰਦ ਤੇ ਚਮਕਦਾਰ ਚਮੜੀ

ਸਰਦੀਆਂ ਦੇ ਮੌਸਮ ‘ਚ ਚਮੜੀ ਬਹੁਤ ਖੁਸ਼ਕ ਹੋ ਜਾਂਦੀ ਹੈ। ਅਜਿਹੀ ਸਥਿਤੀ ‘ਚ ਸਰ੍ਹੋਂ ਦਾ ਤੇਲ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨੂੰ ਕਈ ਤਰ੍ਹਾਂ ਦੇ ਮਾਸਕ ‘ਚ ਮਿਲਾ ਕੇ ਚਮੜੀ ‘ਤੇ ਲਗਾਉਣ ਨਾਲ ਚਮੜੀ ਚਮਕਦਾਰ ਬਣ ਜਾਂਦੀ ਹੈ ਤੇ ਸਿਹਤਮੰਦ ਰਹਿੰਦੀ ਹੈ। ਸਰ੍ਹੋਂ ਦੇ ਤੇਲ ਨੂੰ ਮੋਮ ਦੇ ਨਾਲ ਮਿਲਾ ਕੇ ਫਟੀ ਹੋਈ ਅੱਡੀ ‘ਤੇ ਲਗਾਉਣ ਨਾਲ ਅੱਡੀਆਂ ਠੀਕ ਹੋ ਜਾਂਦੀਆਂ ਹਨ।

ਮਾਈਕ੍ਰੋਬਾਈਲ ਗ੍ਰੋਥ ਨੂੰ ਘਟਾਉਂਦਾ

ਹੈਲਥਲਾਈਨ ਅਨੁਸਾਰ ਜੇਕਰ ਤੁਸੀਂ ਹਰ ਰੋਜ਼ ਆਪਣੇ ਵਾਲਾਂ ‘ਚ ਸਰ੍ਹੋਂ ਦਾ ਤੇਲ ਲਾਉਂਦੇ ਹੋ ਤਾਂ ਸਿਰ ਦੀ ਚਮੜੀ ‘ਚ ਬੈਕਟੀਰੀਆ ਤੇ ਹੋਰ ਮਾਈਕ੍ਰੋਬਾਈਲ ਦਾ ਵਾਧਾ ਘੱਟ ਜਾਂਦਾ ਹੈ। ਇਸ ਨਾਲ ਵਾਲ ਚੰਗੇ ਹੁੰਦੇ ਹਨ ਤੇ ਡੈਂਡਰਫ ਦੀ ਸਮੱਸਿਆ ਵੀ ਖ਼ਤਮ ਹੁੰਦੀ ਹੈ। ਇਹ ਵਾਲਾਂ ਲਈ ਵਰਦਾਨ ਹੈ।

ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦਾ ਸਰ੍ਹੋਂ ਦਾ ਤੇਲ

ਕੁਝ ਖੋਜਾਂ ‘ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਸਰ੍ਹੋਂ ਦਾ ਤੇਲ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦਾ ਹੈ। ਇਹ ਕੈਂਸਰ ਸੈੱਲਾਂ ਦੇ ਵਿਕਾਸ ਨੂੰ ਹੌਲੀ ਕਰ ਦਿੰਦਾ ਹੈ। ਚੂਹਿਆਂ ‘ਤੇ ਕੀਤੇ ਗਏ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਸਰ੍ਹੋਂ ਦੇ ਤੇਲ ਦੀ ਵਰਤੋਂ ਕੋਲਨ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਰੋਕਦੀ ਹੈ। ਮਤਲਬ ਸਰ੍ਹੋਂ ਦਾ ਤੇਲ ਕੈਂਸਰ ਤੋਂ ਬਚਣ ਲਈ ਬਹੁਤ ਕਾਰਗਰ ਹੈ।

ਸੋਜਸ਼ ਨੂੰ ਘਟਾਉਂਦਾ

ਸਰ੍ਹੋਂ ਦਾ ਤੇਲ ਸੋਜ ਵਰਗੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਦੇ ਸਕਦਾ ਹੈ। ਸੋਜ ਸਰੀਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਇਸ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ। ਅਜਿਹੀ ਸਥਿਤੀ ‘ਚ ਸਰ੍ਹੋਂ ਦਾ ਤੇਲ ਲਾਭਦਾਇਕ ਹੁੰਦਾ ਹੈ। ਇਸ ਨਾਲ ਗਠੀਆ ਦੇ ਦਰਦ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।