07/27/2024 1:27 PM

ਡੀਸੀ ਨੇ ਜਾਰੀ ਕੀਤੇ ਹੁਕਮ, ਹਥਿਆਰਾਂ ਨੂੰ ਪ੍ਰਮੋਟ ਕਰਨ, ਡ੍ਰੋਨ ਉਡਾਉਣ ਸਣੇ ਲਗਾਈ ਇਹ ਪਾਬੰਦੀ

ਪਟਿਆਲਾ ਡੀਸੀ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੀ ਸੁਰੱਖਿਆ ਦੇ ਮੱਦੇਨਜ਼ਰ ਪਾਬੰਦੀਆਂ ਦੇ ਤਿੰਨ ਆਰਡਰ ਜਾਰੀ ਕੀਤੇ ਹਨ ਤਾਂ ਕਿ ਦੀਵਾਲੀ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਤੋਂ ਮਾਹੌਲ ਅਸ਼ਾਂਤ ਨਾ ਹੋਵੇ। ਸ਼੍ਰੀ ਕਾਲੀ ਦੇਵੀ ਮਾਤਾ ਮੰਦਰ ਦੇ ਆਸ-ਪਾਸ ਡ੍ਰੋਨ ਉਡਾਉਣ ਨੂੰ ਲੈ ਕੇ ਪਾਬੰਦੀ ਲਗਾਈ ਗਈ ਹੈ।

ਵੀਡੀਓ ਸ਼ੂਟ ਦੇ ਬਹਾਨੇ ਮੰਦਰ ਦੇ ਆਸ-ਪਾਸ ਡ੍ਰੋਨ ਉਡਾਉਣ ਵਾਲਿਆਂ ਖਿਲਾਫ ਪੁਲਿਸ ਕੇਸ ਦਰਜ ਹੋਵੇਗਾ। ਡੀਸੀ ਸਾਕਸ਼ੀ ਸਿਨ੍ਹਾ ਨੇ ਕਿਹਾ ਕਿ ਮੰਦਰ ਦੇ 200 ਮੀਟਰ ਦੇ ਦਾਇਰੇ ਵਿਚ ਕਿਸੇ ਵੀ ਤਰ੍ਹਾਂ ਤੋਂ ਡ੍ਰੋਨ ਨੂੰ ਉਡਾਉਣ ਦੀ ਪਾਬੰਦੀ ਹੈ। ਇਹੀ ਨਹੀਂ ਮੰਦਰ ਦੀ ਸੁਰੱਖਿਆ ਵਿਚ ਤਾਇਨਾਤ ਕੀਤੀ ਗਈ ਪੁਲਿਸ ਫੋਰਸ ਨੂੰ ਵੀ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਹਨ।

ਤਿਓਹਾਰਾਂ ਤੇ ਵਿਆਹ ਦੇ ਸੀ਼ਨ ਨੂੰ ਦੇਖਦੇ ਹੋਏ ਹਥਿਆਰਾਂ ਦੀ ਨੁਮਾਇਸ਼ ਕਰਨ ਲਈ ਵੀਡੀਓ ਤੇ ਫੋਟੋ ਅਪਲੋਡ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਅਜਿਹੀ ਫੋਟੋ ਜਾਂ ਵੀਡੀਓ ਪਾਉਣ ਵਾਲਿਆਂ ‘ਤੇ ਕੇਸ ਦਰਜ ਹੋਵੇਗਾ।

ਉਨ੍ਹਾਂ ਕਿਹਾ ਕਿ ਵਿਆਹ ਤੇ ਹੋਰ ਪ੍ਰੋਗਰਾਮ ਦੌਰਾਨ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲਿਆਂ ‘ਤੇ ਵੀ ਪੁਲਿਸ ਕੇਸ ਦਰਜ ਕੀਤਾ ਜਾਵੇਗਾ। ਦੂਜੇ ਪਾਸੇ ਜਨਤਕ ਸਮਾਰੋਹ, ਪੂਜਾ ਸਥਲਾਂ, ਵਿਆਹ ਪਾਰਟੀਆਂ ਤੇ ਹੋਰ ਪ੍ਰੋਗਰਾਮਾਂ ਵਿਚ ਹਥਿਆਰ ਲਿਜਾਣ ਤੇ ਪ੍ਰਦਰਸ਼ਿਤ ਕਰਨ ‘ਤੇ ਪਾਬੰਦੀ ਹੋਵੇਗੀ। ਇਹ ਨਿਰਦੇਸ਼ 8 ਜਨਵਰੀ 2024 ਤੱਕ ਲਾਗੂ ਰਹਿਣਗੇ।

ਤੀਜਾ ਆਰਡਰ ਜਾਰੀ ਕਰਦਿਆਂ ਏਡੀਸੀ ਅਨੁਪਿਤਾ ਜੌਹਲ ਨੇ ਕਿਹਾ ਕਿ ਜ਼ਿਲ੍ਹੇ ਵਿਚ ਤੈਅ ਸਥਾਨ ਦੇ ਬਾਹਰ ਮੁਰਦਾ ਜਾਨਵਰ ਸੁੱਟਣ ਵਾਲਿਆਂ ‘ਤੇ ਵੀ ਕੇਸ ਦਰਜ ਹੋਵੇਗਾ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਨਗਰ ਨਿਗਮ, ਨਗਰ ਕੌਂਸਲ, ਨਗਰ ਪੰਚਾਇਤ ਤੇ ਪੰਚਾਇਤ ਵੱਲੋਂ ਹੱਡਾ ਰੋੜੀ ਲਈ ਸਥਾਨ ਤੈਅ ਕੀਤੇ ਗਏ ਹਨ।ਇਨ੍ਹਾਂ ਥਾਵਾਂ ਤੋਂ ਇਲਾਵਾ ਹੋਰ ਜਗ੍ਹਾ ‘ਤੇ ਮੁਰਦਾ ਜਾਨਵਰ ਸੁੱਟੇ ਜਾਣ ‘ਤੇ ਕਾਰਵਾਈ ਕੀਤੀ ਜਾਵੇਗੀ।