02/24/2024 9:27 PM

ਹਰੇਕ ਦੇਸ ਵਾਸੀ ਸ਼੍ਰੀ ਰਾਮ ਮੰਦਿਰ ਸਮਾਗਮ ਦਾ ਹਿੱਸਾ ਜਰੂਰ ਬਣਨ : ਪਰਮਜੀਤ ਸਿੰਘ ਗਿੱਲ

ਮੋਦੀ ਸਰਕਾਰ ਨੇ ਸਨਾਤਨ ਧਰਮ ਦੀਆਂ ਮੁੱਖ ਨਿਸ਼ਾਨੀਆਂ ਨੂੰ ਮੁੜ ਸੁਰਜੀਤ ਕੀਤਾ

ਬਟਾਲਾ (ਬੱਬਲੂ) ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ 22 ਜਨਵਰੀ ਨੂੰ ਹੋਣ ਜਾ ਰਹੇ ਅਯੋਧਿਆ ਵਿੱਚ ਸ੍ਰੀ ਰਾਮ ਮੰਦਰ ਸਮਾਗਮ ਦਾ ਹਰੇਕ ਦੇਸ਼ ਵਾਸੀ ਨੂੰ ਹਿੱਸਾ ਜਰੂਰ ਬਣਨਾ ਚਾਹੀਦਾ ਹੈ ਕਿਉਂਕਿ ਅਜਿਹਾ ਮੌਕਾ ਸਦੀਆਂ ਬਾਅਦ ਸਾਡੀ ਪੀੜੀ ਨੂੰ ਪ੍ਰਾਪਤ ਹੋਇਆ ਹੈ। ਗਿੱਲ ਨੇ ਦੱਸਿਆ ਕਿ ਅਯੋਧਿਆ ਵਿੱਚ ਸ੍ਰੀ ਰਾਮ ਮੰਦਿਰ ਵਿਖੇ ਹੋਣ ਵਾਲੇ ਸਮਾਗਮ ਦੀਆਂ ਤਿਆਰੀਆਂ ਸੰਪੂਰਨ ਕਰ ਲਈਆਂ ਗਈਆਂ ਹਨ ਅਤੇ ਬਹੁਤ ਹੀ ਵਿਸ਼ਾਲ ਅਤੇ ਵੱਡੇ ਪੱਧਰ ਤੇ ਸਮਾਗਮਾਂ ਦਾ ਆਯੋਜਨ ਸ਼੍ਰੀ ਰਾਮ ਮੰਦਰ ਕਮੇਟੀ ਵੱਲੋਂ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਯੂਪੀ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਵੱਡੇ ਪੱਧਰ ਤੇ ਸਹਿਯੋਗ ਮਿਲ ਰਿਹਾ ਹੈ।

ਗਿੱਲ ਨੇ ਕਿਹਾ ਕਿ ਅਯੋਧਿਆ ਵੇਖੇ ਸਨਾਤਨ ਧਰਮ ਦੇ ਮੁੱਖ ਕੇਂਦਰ ਵਿਖੇ ਸ਼੍ਰੀ ਰਾਮ ਮੰਦਰ ਦੀ ਮੁੜ ਉਸਾਰੀ ਅਤੇ ਸਨਾਤਨ ਧਰਮ ਦੀਆਂ ਮੁੱਖ ਨਿਸ਼ਾਨੀਆਂ ਦੀ ਸੁਰਜੀਤੀ ਦੀ ਸੇਵਾ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਕਿਰਪਾ ਕਰਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕੋਲੋਂ ਲਈ ਹੈ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਹੀ ਅਜਿਹੇ ਲੀਡਰ ਹਨ ਜਿਨਾਂ ਨੇ ਸਦੀਆਂ ਤੋਂ ਸਨਾਤਨ ਧਰਮ ਦੀਆਂ ਮੁੱਖ ਨਿਸ਼ਾਨੀਆਂ ਜੋ ਕਿ ਸਮੇਂ ਦੇ ਵਾਵਾਰੋਲਿਆਂ ਵਿੱਚ ਲੁਪਤ ਹੋ ਚੁੱਕੀਆਂ ਸਨ ਨੂੰ ਮੁੜ ਸੁਰਜੀਤ ਕਰਕੇ ਕਰੋੜਾਂ ਸ੍ਰੀ ਰਾਮ ਭਗਤਾਂ ਨੂੰ ਸਪੁਰਦ ਕੀਤੀਆਂ ਹਨ।

ਗਿੱਲ ਨੇ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਹਰੇਕ ਘਰ ਵਿੱਚੋਂ ਘੱਟੋ ਘੱਟ ਇੱਕ ਮੈਂਬਰ ਨੂੰ ਅਯੋਧਿਆ ਵਿਖੇ ਹੋਣ ਵਾਲੇ ਸਮਾਗਮ ਵਿੱਚ ਜਰੂਰ ਪਹੁੰਚਣਾ ਚਾਹੀਦਾ ਹੈ ਅਤੇ ਜੇਕਰ ਕਿਸੇ ਕਾਰਨ ਕਰਕੇ ਉਹ ਅਯੋਧਿਆ ਨਹੀਂ ਪਹੁੰਚ ਸਕਦੇ ਤਾਂ ਹਰੇਕ ਦੇਸ਼ ਵਾਸੀ ਆਪੋ ਆਪਣੇ ਘਰਾਂ ਤੇ ਇਲਾਕਿਆਂ ਵਿੱਚ ਉਸ ਦਿਨ ਸਮਾਗਮਾਂ ਦਾ ਹਿੱਸਾ ਜਰੂਰ ਬਣ ਕੇ ਪ੍ਰਭੂ ਸ਼੍ਰੀ ਰਾਮ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਨ ।

ਇਸ ਲਈ ਸਾਨੂੰ ਆਪਣੇ ਦੇਸ਼ ਦੀ ਅਮੁਲ ਵਿਰਾਸਤ ਅਤੇ ਅਮੁਲ ਸੰਸਕ੍ਰਿਤੀ ਸਨਾਤਨ ਸੰਸਕ੍ਰਿਤੀ ਨੂੰ ਸੰਭਾਲਣ ਲਈ ਅਤੇ ਸਨਾਤਨ ਸੰਸਕ੍ਰਿਤੀ ਨੂੰ ਉੱਚੀਆਂ ਬੁਲੰਦੀਆਂ ਤੇ ਪਹੁੰਚਾਉਣ ਲਈ ਆਪੋ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।