05/07/2024 12:48 PM

ਵੀਰ ਬਾਲ ਦਿਵਸ ਮੌਕੇ ਹਰ ਦੇਸ਼ ਵਾਸੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕਰਨੀ ਚਾਹੀਦੀ ਹੈ : ਪਰਮਜੀਤ ਸਿੰਘ ਗਿੱਲ

ਪ੍ਰਧਾਨ ਮੰਤਰੀ ਮੋਦੀ ਨੇ ਵੀਰ ਬਾਲ ਦਿਵਸ ਮਨਾਉਣਾ ਸ਼ੁਰੂ ਕੀਤਾ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੀਰ ਬਾਲ ਦਿਵਸ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਨ ਦਾ ਦਿਨ ਹੈ।

ਗਿੱਲ ਨੇ ਕਿਹਾ ਕਿ 2022 ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਹਰ ਸਾਲ 26 ਦਸੰਬਰ ਨੂੰ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਦਾ ਸ਼ਹੀਦੀ ਪੁਰਬ ‘ਵੀਰ ਬਾਲ ਦਿਵਸ’ ਵਜੋਂ ਮਨਾਇਆ ਜਾਵੇਗਾ। ਜਿਸਦੀ ਸ਼ੁਰੂਆਤ
ਪਿਛਲੇ ਸਾਲ 3000 ਬੱਚਿਆਂ ਨੇ ਇਕੱਠੇ ਦਿੱਲੀ ਵਿਖੇ ਪਰੇਡ ਕਰਕੇ ਕੀਤੀ ਸੀ।

ਗਿੱਲ ਨੇ ਕਿਹਾ ਕਿ ਇਸ ਵਾਰ ਇਸ ਦਿਹਾੜੇ ਨੂੰ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਇਸ ਵਾਰ ਕੇਂਦਰ ਸਰਕਾਰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੋਰ ਵੀ ਵੱਡੇ ਪੱਧਰ ‘ਤੇ ਮਨਾਉਣ ਜਾ ਰਹੀ ਹੈ।

ਗਿੱਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੰਗਤ ਲਈ ਪਾਕਿਸਤਾਨ ਜਾਣ ਦਾ ਰਸਤਾ ਖੋਲ੍ਹਿਆ, 1984 ਦੇ ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਕੋਸ਼ਿਸ਼ ਕੀਤੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਵੀ ਸਿਜਦਾ ਕੀਤਾ।
ਮੋਦੀ ਵੱਲੋ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਸ਼ਟਰੀ ਪੱਧਰ ‘ਤੇ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਐਲਾਨ ਕੀਤਾ ਗਿਆ ਸੀ ਕਿ ਛੋਟੇ ਸਾਹਿਬਜ਼ਦਿਆ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਹਰ ਸਾਲ ਇਸ ਦਿਨ ਨੂੰ ਵੀਰ ਬਾਲ ਦਿਵਸ ਵਜੋਂ ਮਨਾਇਆ ਜਾਣਾ ਚਾਹੀਦਾ ਹੈ ਤਾਂ ਜੋ ਹਰ ਦੇਸ਼ ਵਾਸੀ ਗੁਰੂ ਜੀ ਦੁਆਰਾ ਮਨੁੱਖਤਾ ਅਤੇ ਸਨਾਤਨ ਸੰਸਕ੍ਰਿਤੀ ਨੂੰ ਬਚਾਉਣ ਦੇ ਪਾਏ ਗਏ ਯੋਗਦਾਨ ਨੂੰ ਯਾਦ ਕਰ ਸਕੇ।

ਗਿੱਲ ਨੇ ਕਿਹਾ ਕਿ ਪਿਛਲੀ ਕਿਸੇ ਵੀ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਸੀ ਪਰ ਜਦੋਂ ਤੋਂ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਆਈ ਹੈ, ਇਸ ਸਰਕਾਰ ਨੇ ਸਿੱਖਾਂ ਨਾਲ ਭਾਈਚਾਰਕ ਸਾਂਝ ਵਧਾਉਣ ਦੇ ਉਪਰਾਲੇ ਕੀਤੇ ਹਨ ਅਤੇ ਕਈ ਅਜਿਹੇ ਕੰਮ ਕੀਤੇ ਹਨ ਜੋ ਕਿਸੇ ਵੀ ਸਰਕਾਰ ਨੇ ਨਹੀਂ ਕੀਤੇ ।

ਗਿੱਲ ਨੇ ਕਿਹਾ ਕਿ 26 ਦਸੰਬਰ ਨੂੰ ਹਰ ਦੇਸ਼ ਵਾਸੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਂਟ ਕਰਨੀ ਚਾਹੀਦੀ ਹੈ ਅਤੇ ਆਸ-ਪਾਸ ਸਥਿਤ ਕਿਸੇ ਵੀ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਉਨ੍ਹਾਂ ਨੂੰ ਨਤਮਸਤਕ ਹੋਣਾ ਚਾਹੀਦਾ ਹੈ ।