05/02/2024 3:40 PM

ਭਾਰਤ ਚੋਣ ਕਮਿਸ਼ਨ ਨੇ ਆਈ.ਟੀ.ਐਪਲੀਕੇਸ਼ਨਾਂ ਬਾਰੇ ਵੀਡੀਓ ਕਾਨਫਰੰਸ ਰਾਹੀਂ ਦਿੱਤੀ ਸਿਖਲਾਈ

ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ, ਇਨਫੋਰਸਮੈਂਟ ਏਜੰਸੀਆਂ, ਐਫ.ਐਸ.ਟੀ., ਐਸ.ਐਸ.ਟੀ., ਪ੍ਰਵਾਨਗੀ ਸੈੱਲਾਂ ਦੇ ਮੁਖੀਆਂ ਅਤੇ ਜ਼ਿਲ੍ਹਾ ਨੋਡਲ ਅਫ਼ਸਰਾਂ ਨੇ ਲਿਆ ਭਾਗ

ਜਲੰਧਰ (EN) 23 ਫਰਵਰੀ ਆਗਾਮੀ ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਦੇ ਮੱਦੇਨਜ਼ਰ ਭਾਰਤ ਚੋਣ ਕਮਿਸ਼ਨ ਵੱਲੋਂ ਆਈ.ਟੀ.ਐਪਲੀਕੇਸ਼ਨਾਂ ਸਬੰਧੀ ਵੀਡੀਓ ਕਾਨਫਰੰਸ ਰਾਹੀਂ ਸਿਖਲਾਈ ਪ੍ਰਦਾਨ ਕੀਤੀ ਗਈ। ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ ਦੀ ਮੌਜੂਦਗੀ ਵਿੱਚ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ, ਫਲਾਇੰਗ ਸਕੁਐਡ ਟੀਮਾਂ, ਸਟੈਟਿਕ ਸਰਵੇਲੈਂਸ ਟੀਮਾਂ ਤੇ ਪ੍ਰਵਾਨਗੀ ਸੈੱਲਾਂ ਦੇ ਮੁਖੀਆਂ, ਆਈ.ਟੀ.ਐਪਲੀਕੇਸ਼ਨਾਂ ਸਬੰਧੀ ਜ਼ਿਲ੍ਹਾ ਨੋਡਲ ਅਧਿਕਾਰੀਆਂ ਅਤੇ ਪੁਲਿਸ, ਐਨ.ਸੀ.ਬੀ., ਆਬਕਾਰੀ ਵਿਭਾਗ, ਆਮਦਨ ਕਰ ਵਿਭਾਗ, ਸਟੇਟ/ਸੈਂਟਰਲ ਜੀ.ਐਸ.ਟੀ., ਈ.ਡੀ. ਸਮੇਤ ਸਮੂਹ ਇਨਫੋਰਸਮੈਂਟ ਏਜੰਸੀਆਂ ਦੇ ਮੁਖੀਆਂ ਨੇ ਸਿਖਲਾਈ ਸੈਸ਼ਨ ਵਿੱਚ ਭਾਗ ਲਿਆ। ਇਸ ਦੌਰਾਨ ਸਬੰਧਤ ਅਧਿਕਾਰੀਆਂ ਨੇ ‘ਇਲੈਕਸ਼ਨ ਸੀਜ਼ਰ ਮੈਨੇਜਮੈਂਟ ਸਿਸਟਮ’ (ਈ.ਐਸ.ਐਮ.ਐਸ.) ਐਪਲੀਕੇਸ਼ਨ, ਜਿਸ ਦੀ ਵਰਤੋਂ ਆਦਰਸ਼ ਚੋਣ ਜ਼ਾਬਤੇ ਦੌਰਾਨ ਮੋਬਾਇਲ ਐਪ ਰਾਹੀਂ ਸਿੱਧਾ ਫੀਲਡ ਵਿੱਚੋਂ ਜ਼ਬਤ ਕੀਤੀ ਨਕਦੀ, ਸ਼ਰਾਬ, ਨਸ਼ੇ ਆਦਿ ਵਸਤਾਂ ਸਬੰਧੀ ਸੂਚਨਾ ਨੂੰ ਡਿਜੀਟਾਈਜ਼ ਕਰਨ ਲਈ ਕੀਤੀ ਜਾਂਦੀ ਹੈ, ਬਾਰੇ ਸਿਖਲਾਈ ਹਾਸਲ ਕੀਤੀ। ਅਧਿਕਾਰੀਆਂ ਵੱਲੋਂ ਸੀ-ਵਿਜਲ ਐਪ ’ਤੇ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਮਿਲਣ ਵਾਲੀਆਂ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਵੀ ਜਾਣਕਾਰੀ ਪ੍ਰਾਪਤ ਕੀਤੀ ਗਈ। ਚੋਣ ਜਾਬਤਾ ਲਾਗੂ ਹੋਣ ਉਪਰੰਤ ਇਸ ਐਪ ਰਾਹੀਂ ਮਿਲੀ ਸੂਚਨਾ ਜਾਂ ਸ਼ਿਕਾਇਤ ’ਤੇ 100 ਮਿੰਟਾਂ ਦੇ ਵਿੱਚ-ਵਿੱਚ ਕਾਰਵਾਈ ਕੀਤੀ ਜਾਂਦੀ ਹੈ। ਇਸ ਐਪ ਜ਼ਰੀਏ ਲਾਈਵ ਆਡੀਓ/ਵੀਡੀਓ ਬਣਾ ਕੇ ਸ਼ਿਕਾਇਤ ਜਾਂ ਸੂਚਨਾ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸਿਖਲਾਈ ਦੌਰਾਨ ਏਨਕੋਰ ਐਪ ਦੇ ਪ੍ਰਵਾਨਗੀਆਂ, ਨਾਮਜ਼ਦਗੀਆਂ, ਗਿਣਤੀ, ਵੋਟਰ ਟਰਨਆਊਟ ਬਾਰੇ ਵੱਖ-ਵੱਖ ਮਡਿਊਲਜ਼ ਅਤੇ ਈ.ਟੀ.ਪੀ.ਬੀ.ਐਮ.ਐਸ. ਸਬੰਧੀ ਵੀ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ। ਸਿਖਲਾਈ ਸੈਸ਼ਨ ਉਪਰੰਤ ਵਧੀਕ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਚੋਣਾਂ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਸਿਖਲਾਈ ਅਤੇ ਦਿਸ਼ਾ-ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਸਮੂਹ ਸਹਾਇਕ ਰਿਟਰਨਿੰਗ ਅਫ਼ਸਰ, ਇਨਫੋਰਸਮੈਂਟ ਏਜੰਸੀਆਂ ਦੇ ਮੁਖੀ, ਐਫ.ਐਸ.ਟੀ., ਐਸ.ਐਸ.ਟੀ. ਦੇ ਮੁਖੀ, ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਚੋਣ ਕਾਨੂੰਨਗੋ ਰਾਕੇਸ਼ ਕੁਮਾਰ ਆਦਿ ਵੀ ਮੌਜੂਦ ਸਨ।