05/07/2024 6:28 PM

ਪੇਡ ਖ਼ਬਰਾਂ ’ਤੇ ਨਜ਼ਰ ਰੱਖਣ ਲਈ ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਦਾ ਗਠਨ

24 ਘੰਟੇ ਹੋਵੇਗੀ ਨਿਊਜ ਚੈਨਲਾਂ ਤੇ ਸ਼ੋਸ਼ਲ ਮੀਡੀਆ ਉੱਪਰ ਤਿੱਖੀ ਨਜ਼ਰ

ਜਲੰਧਰ, 16 ਮਾਰਚ (EN) ਅਗਾਮੀ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ, ਜਿਸ ਵੱਲੋਂ ਚੋਣ ਜ਼ਾਬਤਾ ਲੱਗਣ ਉਪਰੰਤ ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਰਾਹੀਂ ਕੀਤੀ ਜਾਣ ਵਾਲੀ ਇਸ਼ਤਿਹਾਰਬਾਜ਼ੀ, ਪੇਡ ਖ਼ਬਰਾਂ/ਸ਼ੱਕੀ ਪੇਡ ਖ਼ਬਰਾਂ ’ਤੇ ਲਗਾਤਾਰ ਨਜ਼ਰ ਰੱਖੀ ਜਾਵੇਗੀ।

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਦੀ ਅਗਵਾਈ ਵਿੱਚ ਗਠਿਤ ਇਸ ਕਮੇਟੀ ਵਿੱਚ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਜਸਬੀਰ ਸਿੰਘ ਨੂੰ ਨੋਡਲ ਅਫ਼ਸਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸੁਬੇਗ ਸਿੰਘ ਨੂੰ ਮੈਂਬਰ ਸਕੱਤਰ, ਸਹਾਇਕ ਰਿਟਰਿੰਗ ਅਫ਼ਸਰ ਡਾ. ਜੈ ਇੰਦਰ ਸਿੰਘ ਨੂੰ ਮੈਂਬਰ, ਰਾਜੇਸ਼ ਬਾਲੀ ਪੀ ਆਈ ਬੀ , ਅਨਿਲ ਡੋਗਰਾ ਯੂ ਐਨ ਆਈ , ਸਹਾਇਕ ਲੋਕ ਸੰਪਰਕ ਅਫਸਰ ਵਿਕਾਸ ਵੋਹਰਾ ਨੂੰ ਸ਼ੋ਼ਸ਼ਲ ਮੀਡੀਆ ਮਾਹਿਰ ਵਜੋਂ ਸ਼ਾਮਿਲ ਕੀਤਾ ਗਿਆ ਹੈ । ਇਸ ਤੋਂ ਇਲਾਵਾ 40 ਕਰਮਚਾਰੀਆਂ ਨੂੰ ਵੱਖ – ਵੱਖ ਨਿਊਜ ਚੈਨਲਾਂ , ਸ਼ੋ਼ਸ਼ਲ ਮੀਡੀਆ ਉੱਪਰ ਪ੍ਰਚਾਰ ਤੇ ਨਿਗਰਾਨੀ ਲਈ ਵੀ ਤਾਇਨਾਤ ਕੀਤਾ ਗਿਆ ਹੈ । ਇਸ ਸੈਲ ਵੱਲੋਂ ਚੋਣ ਜ਼ਾਬਤਾ ਲੱਗਣ ਉਪਰੰਤ ਤੁਰੰਤ ਆਪਣਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਵਿੱਚ ਸ਼ਾਮਲ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਲਗਾਤਾਰ ਨਿਊਜ਼ ਚੈਨਲਾਂ, ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਵਿੱਚ ਨਸ਼ਰ ਹੋਣ ਵਾਲੀਆਂ ਖ਼ਬਰਾਂ ਦੀ ਨਜ਼ਰਸਾਨੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਚੋਣ ਲੜਨ ਵਾਲੇ ਉਮੀਦਵਾਰਾਂ ਵੱਲੋਂ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ ਅਤੇ ਪ੍ਰਚਾਰ ਸਮੱਗਰੀ ਦੇ ਕੰਟੈਂਟ ਦੀ ਪ੍ਰੀ ਸਰਟੀਫਿਕੇਸ਼ਨ ਵੀ ਕੀਤੀ ਜਾਵੇਗੀ।ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰਨ ਵਾਲੀ ਤਰੀਕ ਤੋਂ ਪੇਡ ਨਿਊਜ਼ ਜੇਕਰ ਕੋਈ ਹੋਵੇ, ਤਾਂ ਇਸ ਸਬੰਧੀ ਮਾਮਲੇ ਵੀ ਵਿਚਾਰੇ ਜਾਣਗੇ। ਜ਼ਿਕਰਯੋਗ ਹੈ ਕਿ ਜਲੰਧਰ (ਰਾਖਵੀਂ) ਸੀਟ ਲਈ ਕੁੱਲ ਪੋਲਿੰਗ ਸਟੇਸ਼ਨ 1951 ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 16 ਲੱਖ 41 ਹਜ਼ਾਰ 872 ਹੈ। ਇਨ੍ਹਾਂ ਵਿਚ 8 ਲੱਖ 54 ਹਜ਼ਾਰ 48 ਮਰਦ ਵੋਟਰ ਜਦਕਿ 7 ਲੱਖ 87 ਹਜ਼ਾਰ 781 ਮਹਿਲਾ ਵੋਟਰ ਹਨ। 43 ਵੋਟਰ ਟਰਾਂਸਜੈਂਡਰ ਹਨ।