ਜਲੰਧਰ 18 ਮਾਰਚ (EN) ਸਥਾਨਕ ਪ੍ਰੈਸ ਕਲੱਬ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਲ ਇੰਡੀਆ ਪੀਸ ਮਿਸ਼ਨ ਦੇ ਮੁੱਖ ਸੇਵਾਦਾਰ ਸ.ਦਇਆ ਸਿੰਘ ਨੇ ਕਿਹਾ ਕਿ ਅਜੋਕੀ ਲੋਕ ਸਭਾ ਚੋਣਾਂ ਪੰਜਾਬ ਤੇ ਦੇਸ਼ ਲਈ ਚੁਨੌਤੀ ਹਨ। ਦੇਸ਼ ਲੋਕਤੰਤਰ ਤੋਂ ਤਾਨਾਸ਼ਾਹੀ ਵੱਲ ਵੱਧ ਰਿਹਾ ਹੈ ਤੇ ਗੋਲਵਾਲਕਰ ਦੀ ਰਾਹ ਤੇ “ਦੋ ਤੀਨ ਧਨਾਡ ਤੇ ਬਾਕੀ ਸਾਰੇ ਭਿਖਾਰੀ” ਤਾਂ ਪੰਜਾਹ ਸਾਲ ਰਾਜ ਕੀਤਾ ਜਾ ਸਕਦਾ ਹੈ। ਉਸ ਨੂੰ ਪੂਰੀ ਤਰਾਂ ਪਿਛਲੇ ਦਸਾਂ ਸਾਲਾਂ ਵਿੱਚ ਲਾਗੂ ਕਰਨ ਦਾ ਯਤਨ ਕੀਤਾ ਗਿਆ ਹੈ।
ਪੰਜਾਬ ਸਦਾ ਤੋਂ ਸੰਘਰਸ਼ਸ਼ੀਲ ਰਿਹਾ ਹੈ ਤੇ ਨਿੱਤ ਮੁਹਿੰਮਾਂ ਵਿੱਚੋਂ ਨਿਕਲਿਆ ਹੈ ਭਾਵੇ ਆਜ਼ਾਦੀ ਦਾ ਸੰਘਰਸ਼ ਹੋਵੇ ਭਾਵੇਂ ਪਿਛਲੇ ਪੰਜਾਹ ਸਾਲਾ ਨੂੰ ਪਿੰਡ ਤੋਂ ਹੰਡਾਇਆ ਹੋਵੇ। ਹਾਲਾਂ ਕਿ ਕਿਸਾਨ ਅੰਦੋਲਨ ਨੇ ਨਵੀ ਚੇਤਨਤਾ ਦਾ ਸੰਚਾਰ ਕੀਤਾ ਹੀ ਨਹੀ ਬਲਕਿ ਜਿਸ ਨੂੰ ਅੰਨਾ ਅੰਦੋਲਨ ਨੇ ਉਕਾ ਹੀ ਮੁਕਾ ਦਿੱਤਾ ਸੀ। ਪੰਜਾਬ ਲੀਡਰ ਵਿਹੂਣਾ ਹੁੰਦਾ ਗਿਆ “ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ”। ਪੰਜਾਬ ਉਸ ਹਾਲਾਤ ਵਿੱਚੋ ਗੁਜ਼ਰ ਰਿਹਾ ਹੈ, ਚੋਣਾਂ ਹੀ ਹੁੰਦੀਆਂ ਨੇ ਜੋ ਲੀਡਰਸ਼ੀਪ ਪੈਦਾ ਕਰ ਦਿੰਦੀਆਂ ਹਨ। ਅੱਜ ਮੋਕਾ ਹੈ ਉਸ ਨੂੰ ਉਭਾਰਣ । ਇਲੈਕਟ੍ਰੋਲ ਬਾਂਡ ਨੇ ਧੰਨ ਕੁਬੇਰਾਂ ਤੇ ਸੱਤਾ ਦੇ ਗੱਠਜੋੜ ਨੂੰ ਸਭ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ ਹੈ। ਇਹ ਲੋਕਸਭਾ ਚੋਣ ਆਉਂਦੇ ਸਮੇਂ ਲਈ ਲੋਕਤੰਤਰ ਤੇ ਰਾਜ ਸ਼ਾਹੀ ਦੇ ਵਿਚਕਾਰ ਦਾ ਸੰਘਰਸ਼ ਹੈ। ਹਾਲਾਂ ਕਿ ਇੱਕ ਤਜ਼ਰਬਾ ਇੰਡਿਆ ਗੱਠਬੰਧਨ ਦੇ ਤੋਰ ਤੇ ਕੀਤਾ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਹਿੰਮਤ ਕੀਤੀ ਹੈ ਦੇਸ਼ ਵਿੱਚ ਜਾਗਰੂਕਤਾ ਪੈਦਾ ਕਰਨ ਦੀ। ਉਸ ਨੇ ਇਹ ਵੀ ਹਿੰਮਤ ਕੀਤੀ ਕਿ ਅਪਣੇ ਬਜ਼ੁਰਗਾਂ ਦੇ ਕੀਤੇ ਅਣਸੁਖਾਵੇ ਕਾਰਜਾਂ ਲਈ ਦਰਬਾਰ ਸਾਹਿਬ ਵਿੱਚ ਸੇਵਾ ਕਰ ਮਾਫੀ ਮੰਗਣ ਦੀ। ਸਮੂਚੇ ਦੇਸ਼ ਦੇ ਸਿੱਖਾਂ ਵਿੱਚ ਚੰਗਾ ਸੰਦੇਸ਼ ਗਿਆ ਹੈ। ਹਾਲਾਂ ਕਿ ਅਜੇ ਵੀ ਕਾਂਗਰਸ ਨੂੰ ਆਪਣਾ ਮੂੰਹ ਮੱਥਾ ਹੋਰ ਸਾਫ ਕਰਨਾ ਪਵੇਗਾ। ਉਹਨਾਂ ਕਿਹਾ ਕਿ ਦੇਸ਼ ਨੂੰ ਬਚਾਉਣ ਲਈ,ਸ਼ਾਂਤੀ ਲਿਆਉਣ ਲਈ ਰਾਜਨੀਤਿਕ ਬਦਲਾਅ ਜਰੂਰੀ ਹੈ । ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮਾਹੋਲ ਨੂੰ ਆਪਸੀ ਟਕਰਾਵ ਦੀ ਹਾਲਤ ਵਿੱਚ ਖੜਾ ਕਰ ਦਿੱਤਾ ਹੈ। ਇਹ ਪਾਰਟੀ ਮਨਮੋਹਨ ਸਿੰਘ ਸਰਕਾਰ ਨੂੰ ਅਜਾਈਂ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਸੀ। ਅੱਜ ਖੁਦ ਹੀ ਉਸ ਭੰਵਰ ਵਿੱਚ ਫਸੀ ਹੈ । ਇਸ ਪਾਰਟੀ ਨੇ ਪੰਜਾਬ ਨੂੰ ਤੇ ਖਾਸ ਤੋਰ ਤੇ ਸਿੱਖਾਂ ਨੂੰ ਬਦਨਾਮ ਕਰਨ ਦਾ ਕੋਈ ਹੀਲਾ ਨਹੀਂ ਛੱਡਿਆ ਸੀ। ਉੜਦਾ ਪੰਜਾਬ ਨਾਮੀ ਫਿਲਮ ਦਿਖਾ ਕੇ ਸਿੱਖਾਂ ਨੂੰ ਨਸ਼ੇੜੀ ਤੇ ਨਸ਼ੇ ਦਾ ਗੈਂਗਸਟਰ ਪੇਸ਼ ਕੀਤਾ ਸੀ। ਅਜੇ ਵੀ ਸਿੱਖ ਉਸੇ ਹਾਲਾਤ ਵਿੱਚੋ ਗੁਜ਼ਰ ਰਿਹਾ ਹੈ।ਸਵਾਲ ਹੈ ਪੰਜਾਬ ਕਿਵੇਂ ਲੀਹ ਤੇ ਆਵੇ ? ਉਸ ਲਈ ਲੀਡਰਸ਼ਿਪ ਹੀ ਰਾਹ ਪੱਧਰਾ ਕਰ ਸਕਦੀ ਹੈ। ਆਲ ਇੰਡਿਆ ਪੀਸ ਮਿਸ਼ਨ ਦਾ ਇਹ ਵਿਚਾਰ ਹੈ ਕਿ ਅਕਾਲੀ ਦਲ ਨੂੰ ਇੰਡਿਆ ਗੱਠ ਬੰਧਨ ਵੱਲ ਵੱਧਣਾ ਚਾਹੀਦਾ ਹੈ। ਪਰ ਅਕਾਲੀ ਦਲ ਆਪਣੀ ਪੁਰਾਣੀ ਗਲਤੀ ਨੂੰ ਨਾ ਸਮਝ ਰਿਹਾ ਹੈ ਤੇ ਨਾ ਦਰੁਸਤ ਕਰਨਾ ਚਾਹੁੰਦਾ ਹੈ। ਉਧਰ ਆਮ ਆਦਮੀ ਪਾਰਟੀ ਇੱਕ ਪਾਸੇ ਇੰਡਿਆ ਗੱਠ ਬੰਧਨ ਦਾ ਹਿੱਸਾ ਹੈ ਤੇ ਦੂਜੇ ਪਾਸੇ ਪੰਜਾਬ ਵਿੱਚ ਆਪਸੀ ਟਕਰਾਵ ਤੇ ਖੜੀ ਹੈ। ਨਤੀਜੇ ਕੀ ਹੋਣਗੇ,ਉਹ ਪੰਜਾਬ ਨੂੰ ਹੋਰ ਸਮੱਸਿਆ ਵਿੱਚ ਪਾ ਦੇਣਗੇ, ਇਸ ਦਾ ਖ਼ਦਸ਼ਾ ਹੈ। ਅਜਿਹੇ ਹਾਲਾਤ ਤੋ ਪੰਜਾਬ ਕਿਵੇ ਸੁਰਖਰੂ ਹੋਵੇ ਇਹ ਵੱਡਾ ਸਵਾਲ ਹੈ ? ਸਿੱਖ ਚਿੰਤਕਾਂ ਤੇ ਪੰਜਾਬ ਦੇ ਬੁੱਧੀਜੀਵੀ ਵਰਗਾਂ ਨੂੰ ਇਸ ਤੇ ਸੋਚਣਾ ਚਾਹੀਦਾ ਹੈ ਤਾਂ ਕਿ ਆਉਣ ਵਾਲਾ ਸਮਾਂ ਪੰਜਾਬ ਤੇ ਪੰਜਾਬੀਅਤ ਲਈ ਖੁਸ਼ਨੁਮਾ ਹੋਵੇ। ਇਸ ਮੌਕੇ ਉਹਨਾਂ ਨਾਲ ਗੁਰਦੀਪ ਸਿੰਘ ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ,ਹੀਰਾ ਸਿੰਘ ਬਲਾਕ ਪ੍ਰਧਾਨ ਡੇਰਾ ਬਾਬਾ ਨਾਨਕ,ਹਰਭੇਜ ਸਿੰਘ ਫ਼ਤਹਿਗੜ੍ਹ, ਬਖ਼ਤਾਬਰ ਸਿੰਘ ਸੂਬਾ ਪ੍ਰਧਾਨ,ਭੁਪਿੰਦਰ ਸਿੰਘ,ਆਈ.ਐਸ. ਗੁਲਾਟੀ ਅਤੇ ਹੋਰ ਕਈ ਆਗੂ ਮੌਜੂਦ ਸਨ ।