ਸੀਪੀਆਈ (ਐਮ) ਵੱਲੋਂ ਜਲੰਧਰ ਸੀਟ ਤੋਂ ਉਮੀਦਵਾਰ ਕਾਮਰੇਡ ਪਰਸ਼ੋਤਮ ਲਾਲ ਬਿਲਗਾ ਦੀ ਚੋਣ ਮੁਹਿੰਮ ਤੇਜ਼ ਕਰਨ ਲਈ ਪ੍ਰੈਸ ਕਾਨਫਰੰਸ ਕੀਤੀ
ਜਲੰਧਰ (EN) ਸੀਪੀਆਈ (ਐਮ) ਦੇ ਜਲੰਧਰ ਦਫਤਰ ਵਿਖੇ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਵੱਲੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ । ਇਸ ਮੌਕੇ ਹਲਕਾ ਜਲੰਧਰ ਤੋਂ ਸੀਪੀਆਈ ( ਐਮ ) ਦੇ ਉਮੀਦਵਾਰ ਮਾਸਟਰ ਪਰਸ਼ੋਤਮ ਲਾਲ ਬਿਲਗਾ ਅਤੇ ਚੋਣ ਮੁਹਿੰਮ ਕਮੇਟੀ ਦੇ ਕਨਵੀਨਰ ਕਾਮਰੇਡ ਸੁਖਪ੍ਰੀਤ ਸਿੰਘ ਜੌਹਲ ਹਾਜ਼ਰ ਸਨ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਸੇਖੋਂ ਵੱਲੋਂ ਕਿਹਾ ਗਿਆ ਕਿ ਸੀਪੀਆਈ ( ਐਮ ) ਦੇ ਉਮੀਦਵਾਰ ਮਾਸਟਰ ਪਰਸ਼ੋਤਮ ਲਾਲ ਬਿਲਗਾ ਦੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਪਾਰਟੀ ਦੇ ਸਕੱਤਰੇਤ ਮੈਂਬਰਾਂ ਦੀ ਮੀਟਿੰਗ ਕਰਕੇ ਵਿਧਾਨ ਸਭਾ ਹਲਕਿਆਂ ਅੰਦਰ ਚੋਣ ਮੁਹਿੰਮ ਲਈ ਸਬ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਸੇਖੋ ਨੇ ਕਿਹਾ ਕਿ ਸਿਆਸੀ ਪਾਰਟੀਆਂ ਦੇ ਆਗੂ ਚੋਣਾਂ ਦੌਰਾਨ ਵਿਕਾਊ ਮਾਲ ਬਣ ਗਏ ਹਨ । ਇਹ ਦਲ ਬਦਲੂ ਆਗੂ ਅੱਜ ਜਿਸ ਪਾਰਟੀ ਵਿੱਚ ਹੁੰਦੇ ਹਨ ਦੂਸਰੇ ਦਿਨ ਦੂਸਰੀ ਪਾਰਟੀ ਦਾ ਮੋਹਰਾ ਬਣ ਜਾਂਦੇ ਹਨ । ਇਹਨਾਂ ਦੀ ਖਰੀਦ ਕਰਨ ਵਾਲੀ ਸਿਰਫ ਫਿਰਕੂ ਪਾਰਟੀ ਭਾਜਪਾ ਅਤੇ ਕਾਰਪੋਰੇਟ ਘਰਾਣੇ ਹਨ । ਚੋਣ ਬਾਂਡ ਫੰਡਾਂ ਰਾਹੀਂ ਵੱਡੀਆਂ ਰਕਮਾਂ ਪ੍ਰਾਪਤ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਆਪਣੇ ਆਪ ਨੂੰ ਭ੍ਰਿਸ਼ਟਾਚਾਰ ਮੁਕਤ ਰਾਜਸੀ ਪਾਰਟੀ ਕਹਿ ਰਹੀ ਹੈ । ਦੂਸਰੀਆਂ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਕੇ ਈਡੀ , ਆਮਦਨ ਕਰ ਵਿਭਾਗ , ਸੀ.ਬੀ.ਆਈ. ਅਤੇ ਹੋਰ ਏਜੰਸੀਆਂ ਨੂੰ ਆਪਣੇ ਹੱਥ ਠੋਕਾ ਬਣਾ ਕੇ ਉਨਾਂ ਨੂੰ ਦੀ ਦੁਰਵਰਤੋਂ ਕਰ ਰਹੀ ਹੈ। ਭਾਜਪਾ ਦੇ ‘ ਸਭ ਕਾ ਸਾਥ , ਸਭ ਕਾ ਵਿਕਾਸ ‘ ਦੇ ਨਾਅਰੇ ਦੀ ਫੂਕ ਨਿਕਲ ਗਈ ਹੈ । ਅਮੀਰ ਹੋਰ ਅਮੀਰ ਹੋਇਆ ਅਤੇ ਗਰੀਬ ਹੋਰ ਗਰੀਬ ਹੋ ਗਿਆ ਹੈ । ਵਿਕਾਸ ਸਿਰਫ ਕਾਰਪੋਰੇਟ ਘਰਾਣਿਆਂ ਤੇ ਹੋਰ ਪੂੰਜੀਪਤੀਆਂ ਦਾ ਹੋਇਆ ਹੈ। ਮੋਦੀ ਦੇ 10 ਸਾਲ ਦੇ ਰਾਜ ਅੰਦਰ ਫਿਰਕਾਪ੍ਰਸਤੀ , ਗਰੀਬੀ , ਬੇਰੁਜ਼ਗਾਰੀ , ਮਹਿੰਗਾਈ , ਕਤਲੋਗਾਰਤ ਕਿਸਾਨ ਮਜ਼ਦੂਰਾਂ ਮੁਲਾਜ਼ਮਾਂ ਅਤੇ ਹੋਰ ਕਿਰਤੀ ਵਰਗ ‘ਤੇ ਅੱਤਿਆਚਾਰਾਂ ਵਿੱਚ ਭਾਰੀ ਵਾਧਾ ਹੋਇਆ ਹੈ। ਸਿਰਫ ਤੇ ਸਿਰਫ ਸੀਪੀਆਈ ( ਐਮ ) ਨੇ ਅਮੀਰ ਘਰਾਣਿਆਂ ਤੋਂ ਕਦੀ ਚੋਣ ਫੰਡ ਨਹੀਂ ਲਿਆ ਸਗੋਂ 35 ਲੱਖ ਰੁਪਏ ਬੈਂਕ ਡਰਾਫਟ ਟਾਟਾ , ਬਿਰਲੇ ਘਰਾਣਿਆਂ ਵੱਲੋਂ ਭੇਜਿਆ ਪਾਰਟੀ ਫ਼ੰਡ ਵਾਪਸ ਕੀਤਾ ਗਿਆ । ਸੀਪੀਆਈ ( ਐਮ ) ਕਿਰਤੀ ਲੋਕਾਂ ਦੀ ਪਾਰਟੀ ਅਤੇ ਕਿਰਤੀ ਲੋਕਾਂ ਤੋਂ ਹੀ ਚੋਣ ਫੰਡ ਲੈ ਕੇ ਚੋਣਾਂ ਲੜੀਆਂ ਜਾਂਦੀਆਂ ਹਨ। ਅਮੀਰ ਘਰਾਣਿਆਂ ਤੋਂ ਫੰਡ ਲੈ ਕੇ ਚੋਣਾਂ ਲੜਨ ਵਾਲੀ ਕੋਈ ਵੀ ਪਾਰਟੀ ਅਮੀਰਾਂ ਦੀ ਲੁੱਟ ਨੂੰ ਰੋਕ ਨਹੀਂ ਸਕਦੀ । ਕਾਮਰੇਡ ਸੁਖਵਿੰਦਰ ਸਿੰਘ ਸੇਖੋ ਨੇ ਦੱਸਿਆ ਕਿ 13 ਮਈ ਨੂੰ ਵੱਡਾ ਇਕੱਠ ਕਰਕੇ ਜਲੰਧਰ ਚੋਣ ਦਫਤਰ ਵੱਲ ਮਾਰਚ ਕਰਦੇ ਹੋਏ ਕਾਮਰੇਡ ਪਰਸ਼ੋਤਮ ਲਾਲ ਬਿਲਗਾ ਦੇ ਕਾਗਜ਼ ਦਾਖਲ ਕਰਵਾਏ ਜਾਣਗੇ । ਮੀਟਿੰਗ ‘ਚ ਇਹ ਵੀ ਫੈਸਲਾ ਕੀਤਾ ਗਿਆ ਕਿ ਪਾਰਟੀ ਦੇ ਜਲੰਧਰ ਦਫਤਰ ਵਿਖੇ ਪਾਰਟੀ ਦੇ ਜ਼ਿਲ੍ਹਾ ਆਗੂਆਂ ਤੇ ਹੋਰ ਸਾਥੀਆਂ ਦੀ ਜਨਰਲ ਬਾਡੀ ਮੀਟਿੰਗ 20 ਅਪ੍ਰੈਲ ਨੂੰ 11 ਵਜੇ ਕੀਤੀ ਜਾਵੇਗੀ।