07/13/2024 9:32 PM

PRTC ਬੱਸ ਤੇ ਕਾਰ ਵਿਚਾਲੇ ਹੋਈ ਟੱਕਰ, ਛੁੱਟੀ ‘ਤੇ ਆਏ ਫੌਜੀ ਜਵਾਨ ਦੀ ਗਈ ਜਾਨ

ਪਾਤੜਾਂ ਤੋ ਪਟਿਆਲਾ ਰੋਡ ‘ਤੇ ਘੱਗਾ ਦੇ ਨਿਰੰਕਾਰੀ ਭਵਨ ਨੇੜੇ ਸਵਾਰੀਆਂ ਨਾਲ ਭਰੀ PRTC ਬੱਸ ਅਤੇ ਮਾਰੂਤੀ ਕਾਰ ਦੀ ਭਿਆਨਕ ਟੱਕਰ ਹੋਈ। ਇਸ ਹਾਦਸੇ ਵਿੱਚ ਛੁੱਟੀ ਤੇ ਆਏ ਫੌਜੀ ਜਵਾਨ ਦੀ ਮੌਤ ਹੋ ਗਈ ਤੇ ਉਸ ਦੀ ਮੰਗੇਤਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਮ੍ਰਿਤਕ ਦੀ ਪਛਾਣ ਫੌਜੀ ਪ੍ਰਦੀਪ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਪਿੰਡ ਕਪਿਆਲ (ਸੰਗਰੂਰ) ਵਜੋਂ ਹੋਈ ਹੈ। ਪ੍ਰਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ। ਜਾਣਕਾਰੀ ਅਨੁਸਾਰ  ਫੌਜੀ ਪ੍ਰਦੀਪ ਸਿੰਘ ਆਪਣੀ ਮੰਗੇਤਰ ਪੂਜਾ ਰਾਣੀ ਪੁੱਤਰੀ ਬਲਵਾਨ ਸਿੰਘ ਵਾਸੀ ਸ਼ੁਤਰਾਣਾ ਨਾਲ ਆਪਣੀ ਮਾਰੂਤੀ ਕਾਰ ਵਿੱਚ ਸਵਾਰ ਹੋ ਕੇ ਪਟਿਆਲਾ ਤੋਂ ਪਾਤੜਾਂ ਵੱਲ ਜਾ ਰਿਹਾ ਸੀ। ਇਸ ਦੌਰਾਨ ਘੱਗਾ ਨੇੜੇ ਨਿਰੰਕਾਰੀ ਸਤਸੰਗ ਘਰ ਕੋਲ ਅਚਾਨਕ ਉਨ੍ਹਾਂ ਦੀ ਕਾਰ PRTC ਦੀ ਬੱਸ ਦੀ ਲਪੇਟ ਵਿੱਚ ਆ ਗਈ। ਇਸ ਦੌਰਾਨ ਫੌਜੀ ਜਵਾਨ ਪ੍ਰਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਹਾਦਸੇ ਵਿੱਚ ਫੌਜੀ ਜਵਾਨ ਦੀ ਮੰਗੇਤਰ ਪੂਜਾ ਰਾਣੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਜਿਸ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਭਰਤੀ ਕਰਵਾਇਆ ਗਿਆ ਹੈ। ਪ੍ਰਦੀਪ ਸਿੰਘ ਚਾਰ ਸਾਲ ਪਹਿਲਾਂ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਕੁਝ ਦਿਨ ਪਹਿਲਾਂ ਹੀ ਛੁੱਟੀ ‘ਤੇ ਪਿੰਡ ਆਇਆ ਸੀ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ ਅਤੇ ਬੱਸ ਨੂੰ ਆਪਣੇ ਕਬਜ਼ੇ ‘ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।