ਕਾਂਗਰਸ ਪਾਰਟੀ ਨੂੰ ਲੋਕ ਸਭਾ ਚੋਣਾਂ ਵਿਚਾਲੇ ਵੱਡਾ ਝਟਕਾ ਲੱਗਾ। ਦਲਵੀਰ ਗੋਲਡੀ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਆਪ ਵਿਚ ਸ਼ਾਮਲ ਕਰਵਾਇਆ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਦਲਬੀਰ ਗੋਲਡੀ ਨੇ ਬੜੀ ਮੁਸ਼ਕਲ ਨਾਲ ਕਾਂਗਰਸ ਪਾਰਟੀ ਵਿਚ ਜਗ੍ਹਾ ਬਣਾਈ ਪਰ ਜਿਥੇ ਮੌਕਾ ਮਿਲਿਆ ਉਥੇ ਉਨ੍ਹਾਂ ਨੂੰ ਫਿਰ ਥੱਲੇ ਚੁੱਕ ਕੇ ਮਾਰਿਆ, ਫਿਰ ਦਿਲ ਟੁੱਟ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਵਿਚ ਕੋਈ ਹਾਈਕਮਾਂਡ ਜਾਂ ਬੌਸ ਕਲਚਰ ਨਹੀਂ ਹੈ, ਅਸੀਂ ਤਾਂ ਛੋਟੇ-ਵੱਡੇ ਭਰਾ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਜਿਹੜਾ ਮੇਰੇ ਪੰਜਾਬ ਲਈ ਕੁਝ ਕਰਨਾ ਚਾਹੁੰਦਾ ਹੈ ਮੈ ਉਨ੍ਹਾਂ ਨੂੰ ਜ਼ਰੂਰ ਮੌਕਾ ਦਿਆਂਗਾ।
ਦੱਸ ਦੇਈਏ ਕਿ ਬੀਤੇ ਦਿਨ ਹੀ ਦਲਵੀਰ ਗੋਲਡੀ ਨੇ ਕਾਂਗਰਸ ਅਤੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਗੜ੍ਹ ‘ਚ ਕਾਂਗਰਸ ਅਤੇ ‘ਆਪ’ ਵਿਚਾਲੇ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ।
ਇਸ ਦੌਰਾਨ ਦਲਬੀਰ ਗੋਲਡੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ ਕਰਦਿਆਂ ਕਿਹਾ ਕਿ ਜਿਹੜਾ ਉਨ੍ਹਾਂ ਦੇ ਖਿਲਾਫ ਲੜਿਆ, ਉਸ ਨੂੰ ਆਪਣੇ ਬਰਾਬਰ ਬਿਠਾ ਕੇ ਉਨ੍ਹਾਂ ਛੋਟੇ ਭਰਾ ਦਾ ਦਰਜਾ ਦਿੱਤਾ। ਉਨ੍ਹਾਂ ਕਿਹਾ ਕਿ ਜੇ ਨੌਜਵਾਨ ਰਾਜਨੀਤੀ ਨੂੰ ਬਦਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਰਾਜਨੀਤੀ ਵਿਚ ਆਉਣਾ ਪੈਣਾ ਹੈ ਤੇ ਆਮ ਆਦਮੀ ਪਾਰਟੀ ਵਿਚ ਦਰਵਾਜ਼ੇ ਖੁੱਲ੍ਹੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਹੜੇ ਵੀਡੀਓ ਪਾ ਰਹੇ ਹਨ ਕਿ ਤੁਹਾਨੂੰ ਪਿੜ ‘ਚ ਮਿਲਾਂਗੇ, ਉਨ੍ਹਾਂ ਨੂੰ ਮਿਲਾਂਗੇ, ਸਾਰੀ ਗੱਲ ਕਰਾਂਗੇ, ਸਭ ਕੁਝ ਫਿਗਰ-ਫੈਕਟਸ ਨਾਲ ਦੱਸਾਂਗੇ। ਉਨ੍ਹਾਂ ਕਿਹਾ ਕਿ ਮੈਂ ਉਥੋਂ ਛੱਡਿਆ ਨਹੀਂ ਉਨ੍ਹਾਂ ਮੈਨੂੰ ਕੱਢਿਆ ਹੈ। ਮੈਂ ਮਿਹਨਤ ਇੰਨੀ ਕੀਤੀ ਤੇ ਟਿਕਟਾਂ ਦੋ ਢਾਈ ਸਾਲ ਤੋਂ ਆਇਆਂ ਨੂੰ ਦੇ ਦਿੱਤੀਆਂ।
2002 ਵਿਚ ਵੀ ਮੈਨੂੰ ਧੱਕੇ ਨਾਲ ਜ਼ਿਮਨੀ ਚੋਣ ਲੜਾਈ ਗਈ। ਸਾਰੇ ਕੰਮ ਕਰਾਏ ਤੇ ਟਿਕਟ ਦੇਣ ਦਾ ਭਰੋਸਾ ਦਿੱਤਾ। ਇਸ ਵਾਰ ਵੀ ਮੈਂ ਤੇ ਮੇਰੀ ਪਤਨੀ ਨੇ ਅਪਲਾਈ ਕੀਤਾ ਤੇ ਜੇ ਤੁਹਾਨੂੰ ਪਤਾ ਸੀ ਕਿ ਤੁਸੀਂ ਟਿਕਟ ਨਹੀਂ ਦੇਣੀ ਸੀ ਪਹਿਲਾਂ ਹੀ ਤੈਅ ਸੀ ਤਾਂ ਕਿਹਾ ਕਿਉਂ ਸੀ। ਅਸੀਂ ਕੋਈ ਟਿਕਟ ਦੇ ਭੁੱਖੇ ਨਹੀਂ ਪਰ ਆਤਮ-ਸਨਮਾਨ ਦੀ ਗੱਲ ਹੈ।