ਆਪ ਨੇ ਲੋਕਾਂ ਦੇ ਸੰਵਿਧਾਨਕ ਹੱਕ ਖੋਏ
ਜਲੰਧਰ(EN)ਬਸਪਾ ਦੇ ਲੋਕਸਭਾ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਆਪ ਸਰਕਾਰ ਨੇ ਪੰਜਾਬ ’ਚ ਆਪਣੇ ਸਿਰਫ ਦੋ ਸਾਲਾਂ ਦੇ ਰਾਜ ’ਚ ਹੀ ਲੋਕਾਂ ਦੇ ਸੰਵਿਧਾਨਿਕ ਅਧਿਕਾਰਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਉਨ੍ਹਾਂ ਕਿਹਾ ਕਿ ਆਪ ਦੇ ਲੋਕਾਂ ਨੇ ਪਹਿਲਾਂ ਵਿਕਾਸ ਦੇ ਨਾਂ ’ਤੇ ਪੰਜਾਬ ਦੇ ਲੋਕਾਂ ਤੋਂ ਸਮਰਥਨ ਲਿਆ ਤੇ ਫਿਰ ਉਨ੍ਹਾਂ ਦੇ ਸੰਵਿਧਾਨਕ ਹੱਕ ਲਗਾਤਾਰ ਕੁਚਲਣ ਦਾ ਕੰਮ ਕੀਤਾ।
ਉਨ੍ਹਾਂ ਕਿਹਾ ਕਿ ਸੱਤ੍ਹਾਧਾਰੀ ਧਿਰ ਨਾਲ ਅਸਹਿਮਤ ਹੋਣਾ ਲੋਕਾਂ ਦਾ ਸੰਵਿਧਾਨਕ ਹੱਕ ਹੈ। ਲੋਕ ਜਿਸ ਧਿਰ ਨੂੰ ਸਾਧਨ ਤੇ ਸ਼ਕਤੀ ਦੇ ਕੇ ਸੱਤਾ ਦਿੰਦੇ ਹਨ, ਉਹ ਉਸਦੀ ਸਹੀ ਵਰਤੋਂ ਨਾ ਹੋਣ ’ਤੇ ਉਸਦੇ ਖਿਲਾਫ ਅਸਹਿਮਤੀ ਜਤਾ ਸਕਦੇ ਹਨ ਅਤੇ ਨਾਲ ਹੀ ਸਰਕਾਰ ਦੀ ਆਲੋਚਨਾ ਵੀ ਕਰ ਸਕਦੇ ਹਨ। ਪਰ ਆਪ ਸਰਕਾਰ ਨੇ ਸਰਕਾਰ ਦੀ ਆਲੋਚਨਾ ਕਰਨ ਵਾਲੇ ਵਿਰੋਧੀ ਧਿਰਾਂ ਦੇ ਲੀਡਰਾਂ, ਮੀਡੀਆ ਅਦਾਰਿਆਂ, ਪੱਤਰਕਾਰਾਂ, ਮੁਲਾਜ਼ਮਾਂ ਤੋਂ ਸਰਕਾਰ ਨਾਲ ਅਸਹਿਮਤ ਹੋਣ ਦਾ ਹੱਕ ਖੋਹਣ ਦਾ ਕੰਮ ਕੀਤਾ ਹੈ। ਉਨ੍ਹਾਂ ’ਤੇ ਨਜਾਇਜ਼ ਪਰਚੇ ਕੀਤੇ ਤੇ ਨਜਾਇਜ਼ ਗਿ੍ਰਫਤਾਰੀਆਂ ਕੀਤੀਆਂ, ਜਦਕਿ ਸੰਵਿਧਾਨ ਹਰ ਨਾਗਰਿਕ ਨੂੰ ਖੁੱਲ ਕੇ ਆਪਣੀ ਗੱਲ ਰੱਖਣ ਦੀ ਆਜ਼ਾਦੀ ਦਿੰਦਾ ਹੈ। ਇਸ ਕਰਕੇ ਪੰਜਾਬ ਤੇ ਲੋਕਾਂ ਦੇ ਹਿੱਤ ’ਚ ਇਹ ਜ਼ਰੂਰੀ ਹੈ ਕਿ ਲੋਕਾਂ ਦੇ ਸੰਵਿਧਾਨਕ ਅਧਿਕਾਰ ਕੁਚਲਣ ਵਾਲੀ ਆਪ ਨੂੰ ਪੰਜਾਬ ਤੇ ਖਾਸ ਕਰਕੇ ਜਲੰਧਰ ਲੋਕਸਭਾ ਦੇ ਲੋਕ ਰੱਦ ਕਰਨ।