ਜਲੰਧਰ(EN) ਬਸਪਾ ਦੇ ਜਲੰਧਰ ਲੋਕਸਭਾ ਸੀਟ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਫਿਲੌਰ ’ਚ ਮੀਟਿੰਗਾਂ ਕੀਤੀਆਂ। ਇਸ ਮੌਕੇ ਥਾਂਹ-ਥਾਂਹ ’ਤੇ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਨ੍ਹਾਂ ਮੀਟਿੰਗਾਂ ਦੌਰਾਨ ਕਈ ਕਾਂਗਰਸੀ ਤੇ ਆਪ ਆਗੂ-ਵਰਕਰ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਬਸਪਾ ’ਚ ਸ਼ਾਮਲ ਹੋ ਗਏ। ਐਡਵੋਕੇਟ ਬਲਵਿੰਦਰ ਕੁਮਾਰ ਨੇ ਸਿਰੋਪੇ ਪਾ ਕੇ ਉਨ੍ਹਾਂ ਨੂੰ ਬਸਪਾ ’ਚ ਸ਼ਾਮਲ ਕਰਾਇਆ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਲੰਧਰ ’ਚ ਬਦਲਾਅ ਦੀ ਲਹਿਰ ਚੱਲ ਰਹੀ ਹੈ। ਜਲੰਧਰ ਦੇ ਲੋਕਾਂ ਦਾ ਰੁਝਾਨ ਬਸਪਾ ਵੱਲ ਹੈ। ਭਾਜਪਾ, ਆਪ, ਕਾਂਗਰਸ ਪਾਰਟੀਆਂ ਸਿਹਤ ਸੁਵਿਧਾਵਾਂ, ਸਿੱਖਿਆ, ਰੁਜ਼ਗਾਰ ਦੇਣ ਦੇ ਨਾਂ ’ਤੇ ਲੋਕਾਂ ਨੂੰ ਪਹਿਲਾਂ ਵਾਂਗ ਫਿਰ ਲਾਰੇ ਲਗਾਉਣ ਲੱਗੀਆਂ ਹੋਈਆਂ ਹਨ, ਜਦਕਿ ਇਨ੍ਹਾਂ ਪਾਰਟੀਆਂ ਨੇ ਸੱਤਾ ’ਚ ਰਹਿੰਦੇ ਹੋਏ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਨਹੀਂ ਨਿਭਾਇਆ। ਜਲੰਧਰ ਦੇ ਲੋਕ ਇਨ੍ਹਾਂ ਦੇ ਝੂਠੇ ਲਾਰਿਆਂ ’ਚ ਹੁਣ ਨਹੀਂ ਫਸਣਗੇ ਤੇ ਇਸ ਵਾਰ ਉਹ ਬਸਪਾ ਨੂੰ ਬਦਲ ਦੇ ਰੂਪ ’ਚ ਚੁਣਨਗੇ।