ਆਮ ਆਦਮੀ ਮਹਿੰਗਾਈ ਦੀ ਮਾਰ ਹੇਠ ਹੈ। ਹੁਣ ਹਾਈਵੇਅ ‘ਤੇ ਸਫ਼ਰ ਕਰਨ ਵਾਲਿਆਂ ਦੀ ਜੇਬ ਹੋਰ ਢਿੱਲੀ ਹੋਵੇਗੀ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਦੇਸ਼ ਭਰ ਵਿੱਚ ਟੋਲ ਦਰਾਂ ਵਿੱਚ ਵਾਧਾ ਕੀਤਾ ਹੈ। NHAI ਨੇ ਟੋਲ ਦਰਾਂ ਨੂੰ 5 ਫੀਸਦੀ ਵਧਾਉਣ ਦਾ ਫੈਸਲਾ ਕੀਤਾ ਹੈ। ਹੁਣ ਹਾਈਵੇਅ ‘ਤੇ ਸਫਰ ਕਰਨ ਵਾਲਿਆਂ ਨੂੰ ਸੋਮਵਾਰ ਤੋਂ ਜ਼ਿਆਦਾ ਪੈਸੇ ਦੇਣੇ ਪੈਣਗੇ।
ਵਧੀਆਂ ਟੋਲ ਟੈਕਸ ਦਰਾਂ ਐਤਵਾਰ ਅੱਧੀ ਰਾਤ 12 ਤੋਂ ਰਾਸ਼ਟਰੀ ਰਾਜਮਾਰਗਾਂ ‘ਤੇ ਲਾਗੂ ਹੋ ਗਈਆਂ। ਵਧੇ ਹੋਏ ਰੇਟਾਂ ਦੀ ਸੂਚੀ ਸਾਰੇ ਟੋਲ ਪਲਾਜ਼ਿਆਂ ‘ਤੇ ਚਿਪਕਾਈ ਗਈ ਹੈ। ਟੋਲ ‘ਚ 5 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮਾਸਿਕ ਪਾਸ ਵਿੱਚ ਵੀ ਮਾਮੂਲੀ ਵਾਧਾ ਹੋਇਆ ਹੈ। ਦੱਸ ਦੇਈਏ ਕਿ ਹਾਈਵੇ ਯੂਜ਼ਰ ਫੀਸ ਦੀ ਸਾਲਾਨਾ ਸੋਧ ਪਹਿਲਾਂ 1 ਅਪ੍ਰੈਲ ਤੋਂ ਲਾਗੂ ਕੀਤੀ ਜਾਣੀ ਸੀ। ਪਰ ਲੋਕ ਸਭਾ ਚੋਣਾਂ ਕਾਰਨ ਇਹ ਵਾਧਾ ਟਾਲ ਦਿੱਤਾ ਗਿਆ ਸੀ। ਸਾਲਾਨਾ ਸੰਸ਼ੋਧਨ ਔਸਤਨ ਪੰਜ ਪ੍ਰਤੀਸ਼ਤ ਦੀ ਰੇਂਜ ਵਿੱਚ ਹੋਣ ਦੀ ਸੰਭਾਵਨਾ ਹੈ।
NHAI ਦੇ ਇੱਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਕਿਹਾ, “ਨਵੇਂ ਉਪਭੋਗਤਾ ਖਰਚੇ 3 ਜੂਨ, 2024 ਤੋਂ ਲਾਗੂ ਹੋਣਗੇ। ਟੋਲ ਚਾਰਜਿਜ਼ ਵਿੱਚ ਇਹ ਬਦਲਾਅ ਥੋਕ ਮੁੱਲ ਸੂਚਕਾਂਕ (ਸੀਪੀਆਈ) ਅਧਾਰਤ ਮਹਿੰਗਾਈ ਵਿੱਚ ਬਦਲਾਅ ਨਾਲ ਜੁੜੀਆਂ ਦਰਾਂ ਨੂੰ ਸੋਧਣ ਦੀ ਸਾਲਾਨਾ ਪ੍ਰਕਿਰਿਆ ਦਾ ਹਿੱਸਾ ਹੈ। ਨੈਸ਼ਨਲ ਹਾਈਵੇਅ ਨੈਟਵਰਕ ‘ਤੇ ਲਗਭਗ 855 ਉਪਭੋਗਤਾ ਫੀਸ ਪਲਾਜ਼ਾ ਹਨ, ਜਿਨ੍ਹਾਂ ‘ਤੇ ਰਾਸ਼ਟਰੀ ਰਾਜਮਾਰਗ ਫੀਸ (ਦਰਾਂ ਅਤੇ ਉਗਰਾਹੀ ਦਾ ਨਿਰਧਾਰਨ) ਨਿਯਮ, 2008 ਦੇ ਅਨੁਸਾਰ ਉਪਭੋਗਤਾ ਖਰਚੇ ਲਏ ਜਾਂਦੇ ਹਨ।