ਪਿੰਡ ਜਸਤਰਵਾਲ ਵਿਖੇ ਇਕ ਨੌਜਵਾਨ ਵੱਲੋਂ ਆਪਣੇ ਸਹੁਰਿਆਂ ਤੋਂ ਤੰਗ ਹੋ ਕੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡਾ ਮੁੰਡਾ ਗੁਰਬੀਰ ਸਿੰਘ ਪਿੰਡ ਓਠੀਆਂ ਵਿਖੇ ਵਿਆਹਿਆ ਹੋਇਆ ਸੀ ਤੇ ਅਕਸਰ ਹੀ ਦੋਵਾਂ ਜੀਆਂ ਦਾ ਲੜਾਈ-ਝਗੜਾ ਹੁੰਦਾ ਰਹਿੰਦਾ ਸੀ। ਜਦੋਂ ਵੀ ਇਨ੍ਹਾਂ ਵਿਚਕਾਰ ਲੜਾਈ-ਝਗੜਾ ਹੁੰਦਾ ਤਾਂ ਪਿੰਡ ਦੀ ਪੰਚਾਇਤ ਵੱਲੋਂ ਇਨ੍ਹਾਂ ਦਾ ਰਾਜ਼ੀਨਾਮਾ ਕਰਵਾਕੇ ਉਸ ਦੀ ਪਤਨੀ ਨੂੰ ਸਹੁਰੇ ਘਰ ਲੈ ਆਉਂਦੇ।
ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਉਸ ਦੇ ਸਹੁਰੇ ਪਰਿਵਾਰ ਵਾਲੇ ਮੁੰਡੇ ਦੇ ਵਿਆਹ ਲਈ ਸਾਡੇ ਮੁੰਡੇ ਕੋਲੋਂ ਪੈਸਿਆਂ ਦੀ ਮੰਗ ਕਰਨ ਲੱਗੇ ਤੇ ਉਸ ਤੋਂ ਦੁਖੀ ਹੋ ਕੇ ਬੀਤੇ ਦਿਨੀਂ ਉਕਤ ਨੌਜਵਾਨ ਨੇ ਆਪਣੇ ਸਹੁਰੇ ਘਰ ਹੀ ਜ਼ਹਿਰੀਲੀ ਦਵਾਈ ਨਿਗਲ ਲਈ। ਇਸ ਉਪਰੰਤ ਪਰਿਵਾਰ ਵਾਲਿਆਂ ਵੱਲੋਂ ਉੱਥੇ ਪਹੁੰਚ ਕੇ ਉਸ ਨੌਜਵਾਨ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿੱਥੇ ਜ਼ਿੰਦਗੀ ਮੌਤ ਨਾਲ ਜੂਝਦੇ ਹੋਏ ਉਕਤ ਨੌਜਵਾਨ ਦੀ ਕੱਲ ਮੌਤ ਹੋ ਗਈ। ਉਧਰ ਇਸ ਘਟਨਾ ਸਬੰਧੀ ਪਰਿਵਾਰਿਕ ਮੈਬਰਾਂ ਵੱਲੋਂ ਥਾਣਾ ਰਾਜਾਸਾਂਸੀ ਵਿਖੇ ਸਹੁਰੇ ਪਰਿਵਾਰ ਵਿਰੁੱਧ ਮਾਮਲਾ ਦਰਜ ਕਰਵਾਇਆ ਗਿਆ ਹੈ।