07/27/2024 8:33 AM

ਟਰੈਕਟਰ ‘ਤੇ ਸਪੀਕਰ ਲਾ ਕੇ ਬੰਦੇ ਨੂੰ ਹੱਲਾ ਮਚਾਉਣਾ ਪਿਆ ਮਹਿੰਗਾ, ਚਲਾਨ!

ਪੰਜਾਬ ਵਿੱਚ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਪੁਲਿਸ ਨੇ ਟਰੈਕਟਰਾਂ ‘ਤੇ ਸਪੀਕਰ ਲਾ ਕੇ ਆਵਾਜ਼ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨ ਚਾਲਕਾਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ‘ਚ ਲੁਧਿਆਣਾ ਦੇ ਖੰਨਾ ਇਲਾਕੇ ‘ਚ ਟ੍ਰੈਫਿਕ ਪੁਲਿਸ ਸਾਹਮਣੇ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਆਇਆ ਹੈ। ਦਰਅਸਲ, ਇੱਥੇ ਇੱਕ ਵਿਅਕਤੀ ਨੇ ਇੱਕ ਟਰੈਕਟਰ ‘ਤੇ 52 ਸਪੀਕਰਾਂ ਵਾਲਾ ਸਾਊਂਡ ਸਿਸਟਮ ਲਾਇਆ ਹੈ ਅਤੇ ਇਸ ਦੀ ਉਚਾਈ ਇੱਕ ਟਰੱਕ ਤੋਂ ਵੀ ਵੱਧ ਕੀਤੀ ਹੈ।

ਖੰਨਾ ਟ੍ਰੈਫਿਕ ਪੁਲਿਸ ਨੇ ਇਸ ਟਰੈਕਟਰ ਨੂੰ ਥਾਣੇ ‘ਚ ਬੰਦ ਕਰ ਦਿੱਤਾ ਹੈ। ਇਸ ਟਰੈਕਟਰ ਦੇ ਮਾਲਕ ਵਿਅਕਤੀ ਨੇ ਪ੍ਰੈਸ਼ਰ ਹਾਰਨ ਦੇ ਨਾਲ ਇਸ ‘ਤੇ 52 ਸਪੀਕਰ ਲਾਏ ਹੋਏ ਸਨ। ਉਕਤ ਬੰਦਾ ਇਸ ਟਰੈਕਟਰ ਨਾਲ ਸਕੂਲ ਅਤੇ ਕਾਲਜ ਦੇ ਬਾਹਰ ਹੰਗਾਮਾ ਮਚਾਉਂਦਾ ਸੀ। ਦੂਜੇ ਪਾਸੇ ਇਸ ਮਾਮਲੇ ਵਿੱਚ ਟ੍ਰੈਫਿਕ ਪੁਲਿਸ ਦਾ ਕਹਿਣਾ ਹੈ ਕਿ ਇਸ ਬੰਦੇ ਦੇ ਟਰੈਕਟਰ ਦਾ ਚਲਾਨ ਕੱਟ ਕੇ ਉਸ ਨੂੰ ਬੰਨ੍ਹ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਟਰੈਕਟਰ ‘ਤੇ 1.5 ਤੋਂ 2 ਲੱਖ ਰੁਪਏ ਦਾ ਜੁਰਮਾਨਾ ਵੀ ਹੋ ਸਕਦਾ ਹੈ।ਟਰੈਫਿਕ ਪੁਲਿਸ ਇੰਚਾਰਜ ਪਰਮਜੀਤ ਸਿੰਘ ਬੈਨੀਪਾਲ ਨੇ ਦੱਸਿਆ ਕਿ ਇਸ ਬੰਦੇ ਨੂੰ ਪਹਿਲਾਂ ਵੀ ਚੇਤਾਵਨੀ ਦਿੱਤੀ ਗਈ ਸੀ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਜਦੋਂ ਟ੍ਰੈਫਿਕ ਪੁਲਸ ਨੇ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀ ਟਰੈਕਟਰ ਸਣੇ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਪਿੱਛਾ ਕਰਕੇ ਇਸ ਨੂੰ ਫੜ ਲਿਆ। ਉਨ੍ਹਾਂ ਅੱਗੇ ਦੱਸਿਆ ਕਿ ਅਸੀਂ ਚਲਾਨ ਕਰ ਦਿੱਤਾ ਹੈ, ਹੁਣ ਅਦਾਲਤ ਇਸ ਮਾਮਲੇ ਵਿੱਚ ਜੁਰਮਾਨਾ ਲਾਏਗੀ ਜੋ 1.25 ਲੱਖ ਰੁਪਏ ਤੋਂ ਲੈ ਕੇ 2 ਲੱਖ ਰੁਪਏ ਤੱਕ ਹੋ ਸਕਦਾ ਹੈ।