07/27/2024 8:07 AM

ਜਲੰਧਰ ਜ਼ਿਮਨੀ ਚੋਣ ਨਤੀਜੇ : ‘ਆਪ’ ਦੀ ਲੀਡ ਬਰਕਰਾਰ, ਉਮੀਦਵਾਰ ਸੁਸ਼ੀਲ ਰਿੰਕੂ ਅੱਗੇ

ਜਲੰਧਰ ਲੋਕ ਸਭਾ ਉਪ ਚੋਣਾਂ ਦੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਜਾਰੀ ਹੈ। ਗਿਣਤੀ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੀ ਲੀਡ ਲਗਾਤਾਰ ਵਧ ਰਹੀ ਹੈ। ਇਸ ਸਮੇਂ ਉਹ ਕਾਂਗਰਸ ਤੋਂ 28214 ਵੋਟਾਂ ਅੱਗੇ ਚੱਲ ਰਹੇ ਹਨ।

ਇਸ ਸੀਟ ‘ਤੇ ‘ਆਪ’ ਕਾਂਗਰਸ ਨਾਲੋਂ ਲਗਾਤਾਰ ਅੱਗੇ ਚੱਲ ਰਹੀ ਹੈ। ‘ਆਪ’ ਦੀ ਲੀਡ ਸ਼ੁਰੂ ਤੋਂ ਬਰਕਰਾਰ ਹੈ। ਹੁਣ ਤੱਕ 415093 ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਇਸ ਨੂੰ ਦੇਖਦੇ ਹੋਏ ‘ਆਪ’ ਵਰਕਰਾਂ ਨੇ ਜਸ਼ਨ ਦੀਆਂ ਤਿਾਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਾਊਂਟਿੰਗ ਸੈਂਟਰ ਦੇ ਬਾਹਰ ‘ਆਪ’ ਜ਼ਿੰਦਾਬਾਦ ਦੇ ਨਾਅਰੇ ਲੱਗਣ ਲੱਗੇ ਹਨ। ‘ਆਪ’ ਦੇ ਚੋਣ ਇੰਚਾਰਜ ਵਿੱਤ ਮੰਤਰੀ ਹਰਪਾਲ ਚੀਮਾ ਚੰਡੀਗੜ੍ਹ ਤੋਂ ਜਲੰਧਰ ਲਈ ਰਵਾਨਾ ਹੋ ਗਏ ਹਨ।

ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗੁਰਜੰਟ ਸਿੰਘ ਨੂੰ 9939 ਨੋਟਾ ਨੂੰ 3240 ਤੇ ਚਰਚਿਤ ਉਮੀਦਵਾਰ ਨੀਟੂ ਸ਼ਟਰਾਂਵਾਲਾ ਨੂੰ 2115 ਵੋਟਾਂ ਮਿਲ ਚੁੱਕੀਆਂ ਹਨ। ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਦੇ ਬੇਟੇ ਵਿਧਾਇਕ ਵਿਕਰਮਜੀਤ ਚੌਧਰੀ ਨੇ ਕਿਹਾ ਕਿ ਪਿਛਲੀ ਵਾਰ ਵੀ ਇਸ ਤਰ੍ਹਾਂ ਸਖਤ ਮੁਕਾਬਲਾ ਸੀ ਪਰ ਜਿੱਤ ਕਾਂਗਰਸ ਦੀ ਹੋਈ ਸੀ। ਸਾਨੂੰ ਅਜੇ ਵੀ ਉਮੀਦ ਹੈ ਕਿ ਕਾਂਗਰਸ ਜਿੱਤ ਸਕਦੀ ਹੈ।

ਇਸ ਤੋਂ ਪਹਿਲਾਂ ਮਤਦਾਨ ਦੇ ਬਾਅਦ ਸਾਰੇ ਈਵੀਐੱਮ ਤੇ ਵੀਵੀਪੈਟ ਮਸ਼ੀਨਾਂ ਨੂੰ ਉਥੇ ਸਟਰਾਂਗਰੂਮ ਵਿਚ ਰਖਿਆ ਗਿਆ ਜਿਨ੍ਹਾਂ ਦੇ ਚਾਰੋਂ ਪਾਸੇ ਥ੍ਰੀ ਵ੍ਹੀਲਰ ਸਕਿਓਰਿਟੀ ਲਗਾਈ ਗਈ। ਗਿਣਤੀ ਦੌਰਾਨ ਕਿਸੇ ਤਰ੍ਹਾਂ ਦੀ ਗੜਬੜੀ ਨਾ ਹੋਵੇ ਇਸ ਲਈ ਪੰਜਾਬ ਪੁਲਿਸ ਨਾਲ ਪੈਰਾ ਮਿਲਟਰੀ ਫੋਰਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ।

ਦੱਸ ਦੇਈਏ ਕਿ ਜਲੰਧਰ ਲੋਕ ਸਭਾ ਸੀਟ ‘ਤੇ ਚੌਕੋਣਾ ਮੁਕਾਬਲਾ ਹੈ। ਇਸ ਵਿਚ ਆਮ ਆਦਮੀ ਪਾਰਟੀ ਤੋਂ ਸੁਸ਼ੀਲ ਰਿੰਕੂ, ਕਾਂਗਰਸ ਤੋਂ ਕਰਮਜੀਤ ਕੌਰ ਚੌਧਰੀ, ਭਾਜਪਾ ਤੋਂ ਇੰਦਰ ਇਕਬਾਲ ਸਿੰਘ ਅਟਵਾਲ ਤੇ ਅਕਾਲੀ ਤੇ ਬਸਪਾ ਗਠਜੋੜ ਤੋਂ ਡਾ. ਸੁਖਵਿੰਦਰ ਸੁੱਖੀ ਸ਼ਾਮਲ ਹਨ। ਸੁਸ਼ੀਲ ਰਿੰਕੂ ਕਾਂਗਰਸ ਤੋਂ ਵਿਧਾਇਕ ਰਹਿ ਚੁੱਕੇ ਹਨ, ਉਨ੍ਹਾਂ ਨੂੰ ਪਾਰਟੀ ਵਿਚ ਲਿਆ ਕੇ ਆਪ ਨੇ ਟਿਕਟ ਦਿੱਤੀ। ਕਾਂਗਰਸ ਦੀ ਕਰਮਜੀਤ ਕੌਰ ਚੌਧਰੀ ਇਸੇ ਸੀਟ ਤੋਂ 2 ਵਾਰ ਸਾਂਸਦ ਚੁਣੇ ਗਏ ਸੰਤੋਖਸਿੰਘ ਚੌਧਰੀ ਦੀ ਪਤਨੀ ਹੈ। ਇੰਦਰ ਇਕਬਾਲ ਅਟਵਾਲੀ ਅਕਾਲੀ ਦਲ ਤੋਂ ਵਿਧਾਇਕ ਰਹਿ ਚੁੱਕੇ ਹਨ, ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਭਾਜਪਾ ਨੇ ਟਿਕਟ ਦਿੱਤਾ। ਅਕਾਲੀ ਉਮੀਦਵਾਰ ਸੁਖਵਿੰਦਰ ਸੁੱਖੀ ਬੰਗਾ ਤੋਂ ਅਕਾਲੀ ਵਿਧਾਇਕ ਹਨ। ਇਸ ਸੀਟ ‘ਤੇ ਕੁੱਲ 19 ਉਮੀਦਵਾਰ ਚੋਣ ਮੈਦਾਨ ਵਿਚ ਉਤਰੇ ਹਨ।