03/01/2024 6:11 AM

‘ਦਿ ਕੇਰਲਾ ਸਟੋਰੀ’ ਨੂੰ ਲੈ ਕੇ ਵਿਦਿਆਰਥੀਆਂ ਵਿਚਾਲੇ ਹੱਥੋਪਾਈ

ਜੰਮੂ ’ਚ ਹਾਲ ਹੀ  ‘ਚ ਰਿਲੀਜ਼ ਹੋਈ ਫ਼ਿਲਮ ‘ਦਿ ਕੇਰਲਾ ਸਟੋਰੀ’ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਅਧਿਕਾਰੀਆਂ ਨੇ ਸੋਮਵਾਰ ਨੂੰ ਸਰਕਾਰੀ ਮੈਡੀਕਲ ਕਾਲਜ ਦੇ ਹੋਸਟਲ ’ਚੋਂ 10 ਵਿਦਿਆਰਥੀਆਂ ਨੂੰ ਦੋ ਮਹੀਨਿਆਂ ਲਈ ਬਾਹਰ ਕੱਢ ਦਿੱਤਾ ਅਤੇ ਜਾਂਚ ਪੂਰੀ ਹੋਣ ਤੱਕ ਕਲਾਸਾਂ ਵਿਚ ਜਾਣ ’ਤੇ ਵੀ ਪਾਬੰਦੀ ਲਾ ਦਿੱਤੀ ਗਈ।

ਦੱਸ ਦੇਈਏ ਕਿ ਕਾਲਜ ਪ੍ਰਿੰਸੀਪਲ ਸ਼ਸ਼ੀ ਸੁਧਨ ਸ਼ਰਮਾ ਨੇ ਜੰਮੂ ਦੇ ਸੀਨੀਅਰ ਪੁਲਸ ਅਧਿਕਾਰੀ ਨੂੰ ਹੋਸਟਲ ਅਤੇ ਕਾਲਜ ਕੰਪਲੈਕਸ ਦੇ ਆਲੇ-ਦੁਆਲੇ ਵਾਧੂ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਕਰਨ ਬਾਰੇ ਕਿਹਾ ਹੈ। ਜੀ. ਐੱਮ. ਸੀ. ਹੋਸਟਲ ’ਚ ਐਤਵਾਰ ਰਾਤ ਨੂੰ ਵਿਵਾਦਿਤ ਫ਼ਿਲਮ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਹੋਈ ਝੜਪ ’ਚ ਮੈਡੀਕਲ ਦੇ 5 ਵਿਦਿਆਰਥੀ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਜਾਂਚ ਦੀ ਮੰਗ ਨੂੰ ਲੈ ਕੇ ਕਾਲਜ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਝਗੜੇ ’ਚ ਸ਼ਾਮਲ 10 ਵਿਦਿਆਰਥੀਆਂ ਨੂੰ 2 ਮਹੀਨਿਆਂ ਲਈ ਹੋਸਟਲ ’ਚੋਂ ਕੱਢ ਦਿੱਤਾ ਗਿਆ ਹੈ ਅਤੇ ਸੰਸਥਾ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਜਾਂਚ ਪੂਰੀ ਹੋਣ ਤੱਕ ਕਲਾਸਾਂ ’ਚ ਜਾਣ ਤੋਂ ਵੀ ਰੋਕ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ‘ਦਿ ਕੇਰਲ ਸਟੋਰੀ’ ਨੂੰ ਲੈ ਕੇ ਲੋਕਾਂ ਦੀ ਵੱਖ-ਵੱਖ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਕੁਝ ਲੋਕ ‘ਦਿ ਕੇਰਲ ਸਟੋਰੀ’ ਦਾ ਰੱਜ ਕੇ ਸਮਰਥਨ ਕਰ ਰਹੇ ਹਨ ਤਾਂ ਦੂਜੇ ਪਾਸੇ ਕੁਝ ਲੋਕਾਂ ਵਲੋਂ ਇਸ ਫ਼ਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜੋ ਇਸ ਨੂੰ ਸੱਚ ਤੋਂ ਕੋਹਾਂ ਦੂਰ ਦੱਸ ਰਹੇ ਹਨ।