05/16/2024 10:17 PM

ਦੁੱਧ ਦੀ ਖਰੀਦ ਕੀਮਤ ‘ਚ 10 ਫੀਸਦੀ ਕਟੌਤੀ

ਜਿੱਥੇ ਇੱਕ ਪਾਸੇ ਦੇਸ਼ ਵਿੱਚ ਦੁੱਧ ਦੀ ਕੀਮਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਉੱਥੇ ਦੂਜੇ ਪਾਸੇ ਉੱਤਰੀ ਭਾਰਤ ਅਤੇ ਮਹਾਰਾਸ਼ਟਰ ਦੀਆਂ ਪ੍ਰਮੁੱਖ ਡੇਅਰੀਆਂ ਨੇ ਦੁੱਧ ਦੀ ਖਰੀਦ ਕੀਮਤ ਵਿੱਚ ਵੱਡੀ ਕਟੌਤੀ ਕੀਤੀ ਹੈ। ਡੇਅਰੀਆਂ ਨੇ ਪਿਛਲੇ 15 ਦਿਨਾਂ ਦੌਰਾਨ ਦੁੱਧ ਦੀ ਖਰੀਦ ਕੀਮਤ ਵਿੱਚ 10 ਫੀਸਦੀ ਦੀ ਕਟੌਤੀ ਕੀਤੀ ਹੈ।

ਦੁੱਧ ਦੀ ਕੀਮਤ ‘ਚ ਨਹੀਂ ਹੋਵੇਗਾ ਵਾਧਾ!
ਉਦਯੋਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਦਾ ਫਾਇਦਾ ਗਾਹਕਾਂ ਨੂੰ ਨਹੀਂ ਦਿੱਤਾ ਜਾਵੇਗਾ, ਜਿਸ ਦਾ ਮਤਲਬ ਹੈ ਕਿ ਪ੍ਰਚੂਨ ਦੁੱਧ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਵੇਗਾ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਾਹਕਾਂ ਲਈ ਸਿਰਫ਼ ਇੱਕ ਹੀ ਰਾਹਤ ਹੋਵੇਗੀ ਕਿ ਕੁਝ ਮਹੀਨਿਆਂ ਤੱਕ ਦੁੱਧ ਦੀ ਕੀਮਤ ਵਿੱਚ ਕੋਈ ਵਾਧਾ ਨਹੀਂ ਹੋਵੇਗਾ।
ਦੁੱਧ ਪਾਊਡਰ ਅਤੇ ਬਟਰ ਦੀਆਂ ਕੀਮਤਾਂ ਡਿੱਗੀਆਂ
ਲਗਭਗ ਦੋ ਮਹੀਨੇ ਪਹਿਲਾਂ ਭਾਰਤੀ ਡੇਅਰੀਆਂ ਦੇ ਇੱਕ ਹਿੱਸੇ ਵੱਲੋਂ ਦੁੱਧ ਦੀ ਦਰਾਮਦ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਸੀ, ਕਿਉਂਕਿ ਦੁੱਧ ਦੀ ਘਾਟ ਕਾਰਨ ਸਕਿਮਡ ਮਿਲਕ ਪਾਊਡਰ (SMP) ਅਤੇ ਬਾਈਟ ਬਟਰ ਦੀਆਂ ਕੀਮਤਾਂ ਵਿੱਚ ਵਾਧਾ ਦੇਖਿਆ ਗਿਆ ਸੀ। ਹਾਲਾਂਕਿ, ਪਿਛਲੇ ਦੋ ਹਫ਼ਤਿਆਂ ਦੌਰਾਨ ਐਸਐਮਪੀ ਅਤੇ ਬਟਰ ਦੀਆਂ ਕੀਮਤਾਂ ਵਿੱਚ 5-10 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।

ਬਾਜ਼ਾਰਾਂ ਵਿੱਚ ਜਮ੍ਹਾਂਖੋਰੀ ਵਧੀ 
ਉਦਯੋਗ ਦੇ ਦਿੱਗਜਾਂ ਨੇ ਕੀਮਤਾਂ ਵਿੱਚ ਗਿਰਾਵਟ ਲਈ ਖਰਾਬ ਮੌਸਮ ਅਤੇ ਜਮ੍ਹਾਂ ਸਟਾਕਾਂ ਨੂੰ ਬਾਜ਼ਾਰ ਵਿੱਚ ਜਾਰੀ ਕਰਕੇ ਜਿੰਮੇਵਾਰ ਠਹਿਰਾਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਗਰਮੀ ਦਾ ਮੌਸਮ ਸ਼ੁਰੂ ਹੋਣ ‘ਚ ਦੇਰੀ ਹੋਣ ਕਾਰਨ ਆਈਸਕ੍ਰੀਮ, ਦਹੀਂ, ਮੱਖਣ ਅਤੇ ਹੋਰ ਪੀਣ ਵਾਲੇ ਪਦਾਰਥਾਂ ਦੀ ਮੰਗ ਗਰਮੀ ਦੇ ਸਿਖਰਲੇ ਪੱਧਰ ‘ਤੇ ਨਹੀਂ ਪਹੁੰਚੀ ਹੈ, ਜਿਸ ਕਾਰਨ ਬਾਜ਼ਾਰਾਂ ‘ਚ ਜਮ੍ਹਾਂਖੋਰੀ ਸ਼ੁਰੂ ਹੋ ਗਈ ਹੈ। ਪਿਛਲੇ 15 ਮਹੀਨਿਆਂ ‘ਚ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀਆਂ ਕੀਮਤਾਂ ‘ਚ 14 ਤੋਂ 15 ਫੀਸਦੀ ਤੱਕ ਦਾ ਵਾਧਾ ਹੋਣ ਕਾਰਨ ਮੰਗ ‘ਚ ਕਮੀ ਆਈ ਹੈ। ਇੰਡੀਅਨ ਡੇਅਰੀ ਐਸੋਸੀਏਸ਼ਨ ਦੇ ਪ੍ਰਧਾਨ ਆਰ.ਐਸ.ਸੋਢੀ ਨੇ ਦੱਸਿਆ ਕਿ ਬਰਸਾਤ ਕਾਰਨ ਗਰਮੀ ਦੇ ਮੌਸਮ ਦੀ ਸ਼ੁਰੂਆਤ ਲੇਟ ਹੋ ਗਈ ਹੈ। ਇਸ ਕਾਰਨ ਆਈਸਕ੍ਰੀਮ, ਦਹੀਂ, ਮੱਖਣ ਅਤੇ ਹੋਰ ਗਰਮੀਆਂ ਦੇ ਉਤਪਾਦਾਂ ਦੀ ਮੰਗ ਘੱਟ ਗਈ ਹੈ ਅਤੇ ਫਿਰ ਵੀ ਇਹ ਮੰਗ ਸਿਖਰ ‘ਤੇ ਨਹੀਂ ਪਹੁੰਚੀ ਹੈ। ਮਹਾਰਾਸ਼ਟਰ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਇਲਾਵਾ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਡੇਅਰੀਆਂ ਨੇ ਦੁੱਧ ਪਾਊਡਰ ਅਤੇ ਮੱਖਣ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ।

ਕਿੰਨੇ ਘਟੇ ਦੁੱਧ, ਮਿਲਕ ਪਾਊਡਰ ਅਤੇ ਬਟਰ ਦੇ ਰੇਟ 
ਬਟਰ ਅਤੇ ਮਿਲਕ ਪਾਊਡਰ ਦੀਆਂ ਕੀਮਤਾਂ ਵਿੱਚ ਕਟੌਤੀ ਕਾਰਨ ਰਾਜਾਂ ਵਿੱਚ ਦੁੱਧ ਦੀ ਖਰੀਦ ਦਰ ਵਿੱਚ 3 ਤੋਂ 5 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ। ਦੁੱਧ ਦਾ ਪਾਊਡਰ 20-30 ਰੁਪਏ ਪ੍ਰਤੀ ਕਿਲੋ ਘਟ ਕੇ 290-310 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ, ਜਦਕਿ ਬਟਰ ਦੀ ਕੀਮਤ 25 ਤੋਂ 30 ਰੁਪਏ ਪ੍ਰਤੀ ਲੀਟਰ ਘਟ ਕੇ 390-405 ਰੁਪਏ ਪ੍ਰਤੀ ਕਿਲੋ ਹੋ ਗਈ ਹੈ।