ਆਮ ਆਦਮੀ ਪਾਰਟੀ ਦੇ ਜਲੰਧਰ ਪੱਛਮੀ ਤੋਂ ਵਿਧਾਇਕ ਸੀਤਲ ਅੰਗੁਰਾਲ ਤੇ ਐਮਪੀ ਸੁਸ਼ੀਲ ਰਿੰਕੂ ਵਿਚਾਲੇ ਛਿੜੇ ਵਿਵਾਦ ਨੇ ਪਾਰਟੀ ਅੰਦਰ ਖਲਬਲੀ ਮਚਾ ਦਿੱਤੀ ਹੈ। ਸੂਤਰਾਂ ਮੁਤਾਬਕ ਪਾਰਟੀ ਹਾਈਕਮਾਨ ਨੇ ਦੋਵਾਂ ਲੀਡਰਾਂ ਨੂੰ ਬਿਆਨਬਾਜ਼ੀ ਤੋਂ ਵਰਜਿਆ ਹੈ। ਇਸ ਤੋਂ ਪਹਿਲਾਂ ਵੀ ਕਈ ਲੀਡਰ ਆਪਣੀ ਹੀ ਪਾਰਟੀ ਦੀਆਂ ਨੀਤੀਆਂ ਖਿਲਾਫ ਬੋਲ ਚੁੱਕੇ ਹਨ। ਇਸ ਲਈ ਪਾਰਟੀ ਅਨੁਸਾਸ਼ਨ ਨੂੰ ਲੈ ਕੇ ਕਾਫੀ ਫਿਕਰਮੰਦ ਹੈ।
ਦੱਸ ਦਈਏ ਕਿ ਸੀਤਲ ਅੰਗੁਰਾਲ ਤੇ ਸੁਸ਼ੀਲ ਰਿੰਕੂ ਚੱਲ ਰਹੀ ਠੰਢੀ ਜੰਗ ਉਦੋਂ ਭਾਂਬੜ ਬਣ ਗਈ ਜਦੋਂ ਵਿਧਾਇਕ ਸੀਤਲ ਅੰਗੁਰਾਲ ਨੇ ਸੁਸ਼ੀਲ ਰਿੰਕੂ ਦਾ ਨਾਂ ਲਏ ਬਿਨਾ ਹੀ ਮੋਰਚਾ ਖੋਲ੍ਹ ਦਿੱਤਾ। ਵਿਧਾਇਕ ਸੀਤਲ ਅੰਗੁਰਾਲ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਐਮਪੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਆਖਰੀ ਚਿਤਾਵਨੀ ਸੀ। ਉਸ ਦਾ ਸੰਘਰਸ਼ ਸ਼ੁਰੂ ਹੋ ਗਿਆ ਹੈ ਤੇ ਇਹ ਕਿੱਥੇ ਖਤਮ ਹੋਵੇਗਾ ਪਤਾ ਨਹੀਂ। ਉਨ੍ਹਾਂ ਕਿਹਾ ਕਿ ਉਹ ਹਾਈਕਮਾਂਡ ਨੂੰ ਵੀ ਸਬੂਤ ਦੇ ਕੇ ਆਏ ਹਨ ਕਿ ਕਿਵੇਂ ਐਮਪੀ ਪਾਰਟੀ ਨੂੰ ਖਤਮ ਕਰਨ ਵਿੱਚ ਲੱਗੇ ਹੋਏ ਹਨ।
ਦੱਸ ਦਈਏ ਕਿ ਸੁਸ਼ੀਲ ਰਿੰਕੂ ਨੂੰ ‘ਆਪ’ ਨੇ ਪਾਰਟੀ ਵਿੱਚ ਸ਼ਾਮਲ ਕਰਕੇ ਤੇ ਉਸ ਨੂੰ ਉਪ ਚੋਣ ਲਈ ਉਮੀਦਵਾਰ ਬਣਾਇਆ ਸੀ ਤੇ ਉਹ ਭਾਰੀ ਬਹੁਮਤ ਨਾਲ ਚੋਣ ਜਿੱਤ ਗਏ ਸਨ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੀਤਲ ਅੰਗੁਰਾਲ ਨੇ ਰਿੰਕੂ ਨੂੰ ਹਰਾਇਆ ਸੀ ਜੋ ਉਸ ਸਮੇਂ ਜਲੰਧਰ ਪੱਛਮੀ ਤੋਂ ਕਾਂਗਰਸ ਦੇ ਵਿਧਾਇਕ ਸਨ।
ਸੀਤਲ ਨੇ ਕਿਹਾ ਕਿ ਉਸ ਨੇ ਆਪਣੀ ਨਿੱਜੀ ਦੁਸ਼ਮਣੀ ਨੂੰ ਪਾਸੇ ਰੱਖਿਆ ਅਤੇ ਸੁਸ਼ੀਲ ਰਿੰਕੂ ਦੀ ਮਦਦ ਕੀਤੀ ਪਰ ਬਾਅਦ ਵਿਚ ਉਸ ਨੇ ਇਸ ਦੀ ਕਦਰ ਨਹੀਂ ਕੀਤੀ। ‘ਆਪ’ ਵਿਧਾਇਕ ਨੇ ਆਪਣੀ ਪਾਰਟੀ ਦੇ ਸੰਸਦ ਮੈਂਬਰ ਨੂੰ ਲਾਈਵ ਬਹਿਸ ਕਰਨ ਦੀ ਚੁਣੌਤੀ ਵੀ ਦਿੱਤੀ।
ਉਨ੍ਹਾਂ ਵੱਖ-ਵੱਖ ਵਿਅਕਤੀਆਂ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਦੇ ਕੇਸਾਂ ਵਿੱਚ ਰਿੰਕੂ ਨੇ ਪੁਲਿਸ ਨੂੰ ਬੁਲਾ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਸੰਸਦ ਮੈਂਬਰ ਨੂੰ ਹੰਕਾਰੀ ਦੱਸਦਿਆਂ ਕਿਹਾ ਕਿ ਸੰਸਦ ਮੈਂਬਰ ਨੂੰ ਸੱਤਾ ਦਾ ਨਸ਼ਾ ਚੜ੍ਹ ਗਿਆ ਹੈ। ਇਸ ਮਾਮਲੇ ’ਤੇ ਸੁਸ਼ੀਲ ਰਿੰਕੂ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।