ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਯੁਕਤ ਕੀਤੇ ਗਏ ਧਰਮ ਪ੍ਰਚਾਰ ਦੇ ਮੈਂਬਰ ਇੰਚਾਰਜ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਪੰਜਾਬ ਦੇ ਵੱਖ-ਵੱਖ ਜੋਨਾਂ ਲਈ ਲਗਾਏ ਮੁਖੀ ਮੈਂਬਰਾਂ ਅਤੇ ਮੁੱਖ ਪ੍ਰਚਾਰਕਾਂ ਨਾਲ ਇਕੱਤਰਤਾ ਕਰਕੇ ਧਰਮ ਪ੍ਰਚਾਰ ਲਈ ਭਵਿੱਖ ਦੀ ਯੋਜਨਾ ਤਿਆਰ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਇਸ ਇਕੱਤਰਤਾ ਵਿਚ ਮੈਂਬਰ ਇੰਚਾਰਜ ਭਾਈ ਰਾਜਿੰਦਰ ਸਿੰਘ ਮਹਿਤਾ ਨਾਲ ਅੰਮ੍ਰਿਤਸਰ ਜੋਨ ਦੇ ਮੁਖੀ ਮੈਂਬਰ ਭਾਈ ਰਾਮ ਸਿੰਘ, ਸ੍ਰੀ ਅਨੰਦਪੁਰ ਸਾਹਿਬ ਜੋਨ ਦੇ ਮੁਖੀ ਭਾਈ ਗੁਰਬਖ਼ਸ਼ ਸਿੰਘ ਖਾਲਸਾ ਤੇ ਹਰਿਆਣਾ ਜੋਨ ਦੇ ਮੁਖੀ ਸ. ਹਰਭਜਨ ਸਿੰਘ ਮਸਾਣਾਂ ਸਮੇਤ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਤੇ ਵੱਖ-ਵੱਖ ਜੋਨਾਂ ਦੇ ਮੁੱਖ ਪ੍ਰਚਾਰਕ ਮੌਜੂਦ ਸਨ।ਇਸ ਬਾਰੇ ਜਾਣਕਾਰੀ ਦਿੰਦਿਆਂ ਆਲ ਇੰਡੀਆ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਇੰਚਾਰਜ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਿੱਖੀ ਪ੍ਰਚਾਰ ਲਈ ਗਤੀਵਿਧੀਆਂ ਵਾਸਤੇ ਧਰਮ ਪ੍ਰਚਾਰ ਕਮੇਟੀ ਨਿਰੰਤਰ ਕਾਰਜਸ਼ੀਲ ਰਹਿੰਦੀ ਹੈ ਅਤੇ ਇਨ੍ਹਾਂ ਸਿੱਖੀ ਪ੍ਰਚਾਰ ਦੇ ਕਾਰਜਾਂ ਨੂੰ ਹੋਰ ਪ੍ਰਚੰਡ ਕਰਨ ਲਈ ਯੋਜਨਾ ਉਲੀਕੀ ਜਾਵੇਗੀ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਲਈ ਲਗਾਏ ਗਏ ਮੈਂਬਰ ਇੰਚਾਰਜ ਪੰਜਾਬ ਦੇ ਨਾਲ-ਨਾਲ ਹੋਰਨਾਂ ਸੂਬਿਆਂ ਵਿਚ ਵੀ ਸਿੱਖੀ ਪ੍ਰਚਾਰ ਦੀਆਂ ਗਤੀਵਿਧੀਆਂ ਸਰਗਰਮੀ ਨਾਲ ਅੱਗੇ ਵਧਾਉਣ ਲਈ ਕਾਰਜ ਕਰਨਗੇ। ਇਸ ਸਬੰਧ ਵਿਚ ਅੱਜ ਪਲੇਠੀ ਮੀਟਿੰਗ ਤਹਿਤ ਵੱਖ-ਵੱਖ ਜੋਨਾਂ ਦੇ ਮੁੱਖ ਪ੍ਰਚਾਰਕਾਂ ਪਾਸੋਂ ਮੌਜੂਦਾ ਗਤੀਵਿਧੀਆਂ ਬਾਰੇ ਜਾਣਕਾਰੀ ਲਈ ਗਈ ਹੈ।