ਦਸੰਬਰ ਦਾ ਮਹੀਨਾ ਚੱਲ ਰਿਹਾ ਹੈ। ਇਸ ਮਹੀਨੇ ਦੇ ਅੰਤ ਨਾਲ ਸਾਲ 2022 ਦਾ ਅੰਤ ਵੀ ਹੋ ਜਾਵੇਗਾ। ਇਹ ਸਾਲ ਮਨੋਰੰਜਨ ‘ਤੇ ਕਾਫੀ ਭਾਰੀ ਰਿਹਾ ਸੀ। ਇਸ ਸਾਲ ਕਈ ਦਿੱਗਜ ਸ਼ਖਸੀਅਤਾਂ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈਆਂ। ਆਪਣੇ ਚਹੇਤੇ ਸਟਾਰਜ਼ ਦੀ ਮੌਤ ਨਾਲ ਪ੍ਰਸ਼ੰਸਕ ਵੀ ਕਾਫੀ ਗਮਜ਼ਦਾ ਹੋ ਗਏ ਸੀ। ਆਓ ਜਾਣਦੇ ਹਾਂ ਉਨ੍ਹਾਂ ਸ਼ਖਸੀਅਤਾਂ ਬਾਰੇ ਜੋ 2022 ‘ਚ ਹਮੇਸ਼ਾ ਲਈ ਦੁਨੀਆ ਤੋਂ ਰੁਖਸਤ ਹੋਈਆਂ।
ਲਤਾ ਮੰਗੇਸ਼ਕਰ ਨੂੰ ਸੁਰਾਂ ਦੀ ਕੋਇਲ ਕਿਹਾ ਜਾਂਦਾ ਹੈ। ਉਨ੍ਹਾਂ ਵਰਗਾ ਫਨਕਾਰ ਅੱਜ ਤੱਕ ਨਾ ਕੋਈ ਹੋਇਆ ਤੇ ਨਾ ਹੀ ਕੋਈ ਹੋਵੇਗਾ। ਲਤਾ ਮੰਗੇਸ਼ਕਰ 6 ਫਰਵਰੀ ਨੂੰ 92 ਸਾਲਾਂ ਦੀ ਉਮਰ ‘ਚ ਦੁਨੀਆ ਤੋਂ ਹਮੇਸ਼ਾ ਲਈ ਚਲੀ ਗਈ। ਉਨ੍ਹਾਂ ਦੀ ਮੌਤ ਮੁੰਬਈ ਦੇ ਬਰੀਚ ਕੈਂਡੀ ਹਸਪਤਾਲ ‘ਚ ਹੋਈ।
ਪੰਜਾਬੀ ਸੁਪਰਸਟਾਰ ਸਿੱਧੂ ਮੂਸੇਵਾਲਾ ਦੀ ਦੁਨੀਆ ਭਰ ‘ਚ ਜ਼ਬਰਦਸਤ ਫੈਨ ਫਾਲੋਇੰਗ ਸੀ। ਉਸ ਨੇ ਬਹੁਤ ਹੀ ਛੋਟੀ ਉਮਰ ‘ਚ ਬਹੁਤ ਵੱਡਾ ਨਾਮ ਕਮਾ ਲਿਆ ਸੀ। 29 ਮਈ 2022 ਨੂੰ ਸਿੱਧੂ ਮੂਸੇਵਾਲਾ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਨਾਲ ਪੰਜਾਬ ਸਮੇਤ ਪੂਰੀ ਦੁਨੀਆ ਨੂੰ ਵੱਡਾ ਝਟਕਾ ਲੱਗਿਆ।
ਬਾਲੀਵੁੱਡ ਦੇ ਪ੍ਰਸਿੱਧ ਗਾਇਕ ਕੇਕੇ ਜਿਨ੍ਹਾਂ ਨੇ ਆਪਣੇ ਗਾਣਿਆਂ ਨਾਲ ਬਾਲੀਵੁੱਡ ‘ਤੇ ਕਈ ਸਾਲ ਰਾਜ ਕੀਤਾ, ਦੀ ਅਚਾਨਕ ਮੌਤ ਉਨ੍ਹਾਂ ਦੇ ਫੈਨਜ਼ ਹੀ ਨਹੀਂ ਸਗੋਂ ਪੂਰੇ ਮਨੋਰੰਜਨ ਜਗਤ ਲਈ ਬਹੁਤ ਵੱਡਾ ਝਟਕਾ ਸੀ। ਕੇਕੇ ਦੀ 31 ਮਈ ਨੂੰ ਇੱਕ ਲਾਈਵ ਕੰਸਰਟ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਮੌਤ ਹੋ ਗਈ।
ਬਲਵਿੰਦਰ ਸਫਰੀ ਪੰਜਾਬ ਦੇ ਜਾਣੇ ਮਾਣੇ ਗਾਇਕ ਸੀ। ਇਨ੍ਹਾਂ ਨੇ ਆਪਣੇ ਗਾਣਿਆਂ ਨਾਲ ਕਈ ਸਾਲਾਂ ਤੱਕ ਪੰਜਾਬੀਆਂ ਦਾ ਖੂਬ ਮਨੋਰੰਜਨ ਕੀਤਾ, ਪਰ ਸਫਰੀ 63 ਸਾਲ ਦੀ ਉਮਰ ‘ਚ 28 ਜੁਲਾਈ ਨੂੰ ਦੁਨੀਆ ਤੋਂ ਹਮੇਸ਼ਾ ਲਈ ਰੁਖਸਤ ਹੋ ਗਏ।
ਪੰਜਾਬੀ ਅਦਾਕਾਰਾ ਦਲਜੀਤ ਕੌਰ, ਜਿਨ੍ਹਾਂ ਨੇ ਆਪਣੀ ਖੂਬਸੂਰਤੀ ਤੇ ਸ਼ਾਨਦਾਰ ਐਕਟਿੰਗ ਤੱਕ ਕਈ ਦਹਾਕਿਆਂ ਤੱਕ ਲੋਕਾਂ ਦਾ ਮਨੋਰੰਜਨ ਕੀਤਾ। ਦਲਜੀਤ ਕੌਰ 17 ਨਵੰਬਰ ਨੂੰ 69 ਸਾਲ ਉਮਰ ‘ਚ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਈ। ਉਨ੍ਹਾਂ ਦੀ ਮੌਤ ਰਾਇਕੋਟ ‘ਚ ਹੋਈ ਸੀ।
ਪੰਜਾਬੀ ਐਕਟਰ ਦੀਪ ਸਿੱਧੂ ਦੀ 38 ਸਾਲ ਦੀ ਉਮਰ ;ਚ ਅਚਾਨਕ ਮੌਤ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਸੀ। 15 ਫਰਵਰੀ ਨੂੰ ਦੀਪ ਸਿੱਧੂ ਦੀ ਇੱਕ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ ਸੀ।
ਬਾਲੀਵੁੱਡ ਦੇ ਉੱਘੇ ਗਾਇਕ ਬੱਪੀ ਲਹਿਰੀ 69 ਸਾਲ ਦੀ ਉਮਰ ‘ਚ 15 ਫਰਵਰੀ ਨੂੰ ਦੁਨੀਆ ਤੋਂ ਹਮੇਸ਼ਾ ਲਈ ਰੁਖਸਤ ਹੋ ਗਏ ਸੀ।