ਪੰਜਾਬ ਦੇ ਜ਼ਿਲ੍ਹਾ ਰੂਪਨਗਰ ਅਧੀਨ ਪੈਂਦੇ ਨੰਗਲ ਵਿਖੇ ਇੱਕ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ। ਇਸ ਵਿੱਚ ਕਾਰ ਵਿੱਚ ਸਵਾਰ ਚਾਰ ਵਿਅਕਤੀਆਂ ਵਿੱਚੋਂ ਤਿੰਨ ਦੀ ਮੌਤ ਹੋ ਗਈ। ਜਦਕਿ ਇੱਕ ਨੂੰ ਲੋਕਾਂ ਨੇ ਬਚਾ ਲਿਆ ਹੈ। ਜ਼ਿਕਰਯੋਗ ਹੈ ਕਿ ਇਹ ਘਟਨਾ ਐਮਪੀ ਕੋਠੀ ਨੇੜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸ਼ਿਕਾਰ ਹੋਏ ਨੌਜਵਾਨ ਨੰਗਲ ਦੀ ਜਵਾਹਰ ਮਾਰਕੀਟ ਦੇ ਵਸਨੀਕ ਸਨ।
ਮੰਦਰ ਮੱਥਾ ਟੇਕਣ ਜਾ ਰਿਹਾ ਸੀ ਪਰਿਵਾਰ
ਬੀਬੀਐਮਬੀ ਮੁਲਾਜ਼ਮ ਮੋਹਨ ਲਾਲ ਆਪਣੀ ਪਤਨੀ, ਭੈਣ ਅਤੇ ਭਰਜਾਈ ਨਾਲ ਬਾਬਾ ਧੂਨੇ ਬਾਲਾ ਮੰਦਰ ਵਿੱਚ ਮੱਥਾ ਟੇਕਣ ਲਈ ਆਪਣੇ ਘਰ ਤੋਂ ਜਾ ਰਹੇ ਸਨ। ਰਸਤੇ ਵਿੱਚ ਅਚਾਨਕ ਕਾਰ ਬੇਕਾਬੂ ਹੋ ਕੇ ਭਾਖੜਾ ਨਹਿਰ ਵਿੱਚ ਜਾ ਡਿੱਗੀ। ਹਾਦਸੇ ਤੋਂ ਬਾਅਦ ਲੋਕਾਂ ਨੇ ਮੋਹਨ ਲਾਲ ਨੂੰ ਤਾਂ ਸੁਰੱਖਿਅਤ ਬਚਾ ਲਿਆ ਪਰ ਕਾਰ ਸਮੇਤ ਉਸ ਦੀ ਪਤਨੀ ਸਰੋਜ, ਭੈਣ ਸੁਮਨ ਅਤੇ ਜੀਜਾ ਅਕਸ਼ੇ ਪਾਣੀ ਦੇ ਤੇਜ਼ ਕਰੰਟ ਵਿੱਚ ਰੁੜ੍ਹ ਗਏ।
ਪੁਲਿਸ, ਫਾਇਰ ਵਿਭਾਗ ਦੀ ਟੀਮ ਤੇ ਗੋਤਾਖੋਰ ਪਹੁੰਚੇ ਮੌਕੇ ‘ਤੇ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ, ਫਾਇਰ ਬ੍ਰਿਗੇਡ ਦੀ ਟੀਮ ਅਤੇ ਗੋਤਾਖੋਰ ਟੀਮ ਮੌਕੇ ‘ਤੇ ਪਹੁੰਚ ਗਈ। ਥਾਣਾ ਇੰਚਾਰਜ ਸਬ-ਇੰਸਪੈਕਟਰ ਦਾਨਿਸ਼ ਵੀਰ ਸਿੰਘ ਨੇ ਦੱਸਿਆ ਕਿ ਕਮਲਪ੍ਰੀਤ ਸੈਣੀ ਦੀ ਅਗਵਾਈ ਹੇਠ ਗੋਤਾਖੋਰਾਂ ਦੀ ਟੀਮ ਨੇ ਡੁੱਬੇ ਤਿੰਨਾਂ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਕਾਰ ਵੀ ਨਹਿਰ ਵਿੱਚੋਂ ਬਰਾਮਦ ਕਰ ਲਈ ਗਈ ਹੈ।