ਵਿਰੋਧੀਆਂ ਦੇ ਹਮਲਿਆਂ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਖਾਲਿਸਤਾਨ ਪੱਖੀਆਂ ਖਿਲਾਫ ਖੁੱਲ੍ਹ ਕੇ ਬੋਲੇ ਹਨ। ਪੰਜਾਬ ਅੰਦਰ ਬੇਸ਼ੱਕ ਸੀਐਮ ਮਾਨ ਬੜੇ ਨਾਪ-ਤੋਲ ਕੇ ਬਿਆਨ ਦਿੰਦੇ ਰਹੇ ਪਰ ਗੁਜਰਾਤ ਜਾ ਕੇ ਉਨ੍ਹਾਂ ਨੇ ਖਾਲਿਸਤਾਨੀ ਅਨਸਰਾਂ ‘ਤੇ ਤਿੱਖੇ ਵਾਰ ਕੀਤੇ ਹਨ। ਖਬਰ ਏਜੰਸੀ ਪੀਟੀਆਈ ਮੁਤਾਬਕ ਸੀਐਮ ਮਾਨ ਨੇ ਕਿਹਾ ਹੈ ਕਿ ਸੂਬੇ ਦੀ ਪੁਲਿਸ ਖਾਲਿਸਤਾਨੀ ਅਨਸਰਾਂ ਨਾਲ ਨਜਿੱਠਣ ਦੇ ਸਮਰੱਥ ਹੈ। ਉਨ੍ਹਾਂ ਦਾਅਵਾ ਕੀਤਾ ਕਿ ਖਾਲਿਸਤਾਨ ਹਮਾਇਤੀਆਂ ਨੂੰ ਪਾਕਿਸਤਾਨ ਤੇ ਹੋਰਨਾਂ ਮੁਲਕਾਂ ਤੋਂ ਵਿੱਤੀ ਮਦਦ ਮਿਲ ਰਹੀ ਹੈ।
ਦੱਸ ਦਈਏ ਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਹਮਾਇਤੀਆਂ ਦੀਆਂ ਪੰਜਾਬ ਵਿੱਚ ਵਧਦੀਆਂ ਸਰਗਰਮੀਆਂ ਦੇ ਮੱਦੇਨਜ਼ਰ ਮੁੱਖ ਮੰਤਰੀ ਮਾਨ ਦੀਆਂ ਇਹ ਟਿੱਪਣੀਆਂ ਕਾਫ਼ੀ ਅਹਿਮ ਹਨ। ਭਾਈ ਅੰਮ੍ਰਿਤਪਾਲ ਸਿੰਘ ਪ੍ਰਤੀ ਹੁਣ ਤੱਕ ਸਿਆਸੀ ਪਾਰਟੀਆਂ ਤਿੱਖੀ ਬਿਆਨਬਾਜ਼ੀ ਨਹੀਂ ਕਰ ਰਹੀਆਂ ਸੀ ਪਰ ਅਜਨਾਲਾ ਵਿੱਚ ਥਾਣੇ ਨੂੰ ਘੇਰਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਸਣੇ ਸਾਰੀਆਂ ਸਿਆਸੀ ਪਾਰਟੀਆਂ ਹਮਲਾਵਰ ਹੋ ਗਈਆਂ ਹਨ।
ਐਤਵਾਰ ਨੂੰ ਗੁਜਰਾਤ ਦੌਰ ’ਤੇ ਗਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਿਹਾ ਕਿ ਪੰਜਾਬ ਪੁਲਿਸ ਇਸ ਮਸਲੇ ਨਾਲ ਨਜਿੱਠਣ ਦੇ ਸਮਰੱਥ ਹੈ ਤੇ ਕੁਝ ਮੁੱਠੀ ਭਰ ਲੋਕ ਹੀ ਪੰਜਾਬ ਵਿੱਚ ਖਾਲਿਸਤਾਨ ਪੱਖੀ ਮੁਹਿੰਮ ਦੀ ਹਮਾਇਤ ਕਰ ਰਹੇ ਹਨ। ਗੁਜਰਾਤ ਦੇ ਭਾਵਨਗਰ ਵਿੱਚ ਸਮੂਹਿਕ ਵਿਆਹਾਂ ਲਈ ਰੱਖੇ ਸਮਾਗਮ ’ਚ ਸ਼ਿਰਕਤ ਕਰਨ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਕੀ ਤੁਹਾਨੂੰ ਲੱਗਦਾ ਹੈ ਕਿ 1000 ਲੋਕ (ਜੋ ਖਾਲਿਸਤਾਨ ਪੱਖੀ ਨਾਅਰੇ ਲਾ ਰਹੇ ਸਨ) ਪੂਰੇ ਪੰਜਾਬ ਦੀ ਤਰਜਮਾਨੀ ਕਰਦੇ ਹਨ? ਤੁਸੀਂ ਖ਼ੁਦ ਪੰਜਾਬ ਆ ਕੇ ਆਪਣੀ ਅੱਖੀਂ ਵੇਖ ਸਕਦੇ ਹੋ ਕਿ ਅਜਿਹੇ ਨਾਅਰੇ ਲਾਉਣ ਵਾਲੇ ਕੌਣ ਲੋਕ ਹਨ।’’
ਪੱਤਰਕਾਰਾਂ ਨੇ ਮਾਨ ਨੂੰ ਅਜਨਾਲਾ ਵਿੱਚ ਅੰਮ੍ਰਿਤਪਾਲ ਸਮਰਥਕਾਂ ਵੱਲੋਂ ਥਾਣੇ ’ਤੇ ਕੀਤੇ ਹਮਲੇ ਬਾਰੇ ਸਵਾਲ ਕੀਤਾ ਸੀ। ਮਾਨ ਨੇ ਕਿਹਾ, ‘‘ਇਸ ਘਟਨਾ ਪਿੱਛੇ ਕੁਝ ਮੁੱਠੀ ਭਰ ਲੋਕ ਹਨ ਤੇ ਉਹ ਪਾਕਿਸਤਾਨ ਤੇ ਹੋਰਨਾਂ ਵਿਦੇਸ਼ੀ ਮੁਲਕਾਂ ਤੋਂ ਮਿਲ ਰਹੇ ਫੰਡਾਂ ਰਾਹੀਂ ਆਪਣੀ ਦੁਕਾਨਦਾਰੀ ਚਲਾ ਰਹੇ ਹਨ।’’
ਮੁੱਖ ਮੰਤਰੀ ਨੇ ਕਿਹਾ, ‘‘ਰਾਜਸਥਾਨ ਦਾ ਵੱਡਾ ਹਿੱਸਾ ਪਾਕਿਸਤਾਨ ਨਾਲ ਲੱਗਦਾ ਹੈ, ਪਰ (ਪਾਕਿਸਤਾਨ ਤੋਂ ਆਉਂਦੇ) ਡਰੋਨ ਸਿਰਫ਼ ਪੰਜਾਬ ਦੀ ਧਰਤੀ ’ਤੇ ਹੀ ਕਿਉਂ ਉਤਰਦੇ ਹਨ, ਰਾਜਸਥਾਨ ’ਚ ਕਿਉਂ ਨਹੀਂ? ਕਿਉਂਕਿ ਉਨ੍ਹਾਂ (ਖਾਲਿਸਤਾਨੀ ਅਨਸਰਾਂ) ਦੇ ਆਕਾ ਉਥੇ (ਪਾਕਿਸਤਾਨ ਵਿੱਚ) ਬੈਠੇ ਹਨ ਤੇ ਉਹ ਪੰਜਾਬ ਦੀ ਅਮਨ ਤੇ ਸ਼ਾਂਤੀ ਨੂੰ ਢਾਹ ਲਾਉਣਾ ਚਾਹੁੰਦੇ ਹਨ। ਪਰ ਅਸੀਂ ਉਨ੍ਹਾਂ ਨੂੰ ਸਫ਼ਲ ਨਹੀਂ ਹੋਣ ਦਿਆਂਗੇ।’’
ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਹਮਾਇਤੀਆਂ ਵੱਲੋਂ ਅਜਨਾਲਾ ਵਿੱਚ ਪੁਲਿਸ ਸਟੇਸ਼ਨ ਅੰਦਰ ਦਾਖਲ ਹੋ ਕੇ ਭੰਨਤੋੜ ਕਰਨ ਮੌਕੇ ਇਕ ਪਾਲਕੀ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਲਿਆਉਣ ਦੇ ਹਵਾਲੇ ਨਾਲ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਵਜੋਂ ਵਰਤਦੇ ਹਨ, ਉਨ੍ਹਾਂ ਨੂੰ ‘ਵਾਰਿਸ ਪੰਜਾਬ ਦੇ’ ਕਹਾਉਣ ਦਾ ਕੋਈ ਅਧਿਕਾਰ ਨਹੀਂ ਹੈ।
ਮੁੱਖ ਮੰਤਰੀ ਨੇ ਅੰਮ੍ਰਿਤਪਾਲ ਸਿੰਘ ਦੀ ਅਗਲੇ ਦਿਨਾਂ ਵਿੱਚ ਹੋਰ ਹਿੰਸਾ ਦੀ ਦਿੱਤੀ ਕਥਿਤ ਧਮਕੀ ਨੂੰ ਖਾਰਜ ਕਰਦਿਆਂ ਕਿਹਾ, ‘‘ਇਹ ਖਿਆਲੀ ਪੁਲਾਓ ਭਾਵ ਦਿਨੇਂ ਸੁਫ਼ਨੇ ਵੇਖਣ ਵਾਂਗ ਹੈ। ਪੰਜਾਬ ਨੇ ਬੀਤੇ ਵਿੱਚ ਵੀ ਕਾਲੇ ਦਿਨ ਵੇਖੇ ਹਨ। ਪੰਜਾਬ ਪੁਲਿਸ ਇਨ੍ਹਾਂ ਨਾਲ ਨਜਿੱਠਣ ਦੇ ਪੂਰੀ ਤਰ੍ਹਾਂ ਸਮਰੱਥ ਹੈ ਤੇ ਅਸੀਂ ਕਿਸੇ ਨੂੰ ਵੀ ਸੂਬੇ ਦਾ ਮਾਹੌਲ ਵਿਗਾੜਨ ਦੀ ਇਜਾਜ਼ਤ ਨਹੀਂ ਦੇਵਾਂਗੇ