ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨਤਮਸਤਕ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਹੋਲੇ ਮੁਹੱਲੇ ਮੌਕੇ ਹਾਜ਼ਰੀ ਲਵਾਈ। ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਪ੍ਰਸ਼ਾਸਨਿਕ ਤਿਆਰੀਆਂ ਦਾ ਜਾਇਜ਼ਾ ਵੀ ਲਿਆ।
ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਹਵਾ ‘ਚ ਹੀ ਸੂਤਰਾਂ ‘ਤੇ ਵਿਸ਼ਵਾਸ ਨਾ ਕਰਿਆ ਕਰੋ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਲੋਕ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰਿਆ ਕਰਨ ਜਾਂ ਫਿਰ ਬਦਨਾਮ ਕਰਨ ਤੋਂ ਪਹਿਲਾਂ ਘੱਟੋ-ਘੱਟ ਕਾਗਜ਼-ਪੱਤਰ ਤਾਂ ਲੈ ਆਉਣ। ਉਨ੍ਹਾਂ ਕਿਹਾ ਕਿ ਜੀ-20 ਦੀ ਬੈਠਕ ਅੰਮ੍ਰਿਤਸਰ ‘ਚ ਹੀ ਹੋਵੇਗੀ।
ਸੀਐਮ ਮਾਨ ਨੇ ਮੀਡੀਆ ਨੂੰ ਬੇਨਤੀ ਕੀਤੀ ਕਿ ਗਲਤ ਖਬਰਾਂ ਨਾ ਦਿਖਾਉਣ। ਉਨ੍ਹਾਂ ਕਿਹਾ ਕਿ ਭਾਜਪਾ ਵਾਲਿਆਂ ਨੇ ਬਿਆਨ ਦਿੱਤੇ ਕਿ ਜੀ-20 ਸਮਾਗਮ ਅੰਮ੍ਰਿਤਸਰ ਤੋਂ ਵਾਪਸ ਲੈ ਲਿਆ ਹੈ ਪਰ ਉਹ ਪਹਿਲਾਂ ਆਪਣੀ ਪਾਰਟੀ ਨਾਲ ਤਾਂ ਗੱਲ ਕਰ ਲੈਂਦੇ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ‘ਚ ਸਿੱਖਿਆ ਪੱਧਰ ‘ਤੇ ਜੀ-20 ਕਾਨਫਰੰਸ ਹੋਵੇਗੀ। ਅਸੀਂ ਉਨ੍ਹਾਂ ਨੂੰ ਰਾਮ ਤੀਰਥ ਲੈ ਕੇ ਜਾਵਾਂਗੇ, ਦੁਰਗਿਆਨਾ ਮੰਦਰ ਦਿਖਾਵਾਂਗੇ ਤੇ ਵਾਹਗਾ ਬਾਰਡਰ ‘ਤੇ ਰਿਟਰੀਟ ਦਿਖਾਵਾਂਗੇ। ਆਉਣ ਵਾਲੇ ਸਾਰੇ ਪਤਵੰਤਿਆਂ ਨੂੰ ਸ਼੍ਰੀ ਦਰਬਾਰ ਸਾਹਿਬ ਦਿਖਾਇਆ ਜਾਵੇਗਾ। ਉਨ੍ਹਾਂ ਨੂੰ ਜਲ੍ਹਿਆਂ ਵਾਲਾ ਬਾਗ ਦਿਖਾਇਆ ਜਾਵੇਗਾ। ਰਾਸ਼ਟਰਪਤੀ ਦਾਰੋਪਦੀ ਮੁਰਮੂ 9 ਨੂੰ ਅੰਮ੍ਰਿਤਸਰ ਆਉਣਗੇ।
ਦੱਸ ਦਈਏ ਕਿ ਕਰੀਬ 21 ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਹੋਲੇ-ਮੁਹੱਲੇ ਦੀਆਂ ਤਿਆਰੀਆਂ ਨੂੰ ਲੈ ਕੇ ਮੰਤਰੀਆਂ ਤੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਸੀ। ਉਨ੍ਹਾਂ ਅਧਿਕਾਰੀਆਂ ਨੂੰ ਸਾਰੇ ਕੰਮ ਸਮੇਂ ਸਿਰ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਸੀ। ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਦਾਅਵਾ ਕੀਤਾ ਸੀ ਕਿ ਪੰਜਾਬ ਸਰਕਾਰ ਅਜਿਹੇ ਪ੍ਰਬੰਧ ਕਰੇਗੀ ਕਿ ਸੰਗਤਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਦਰਅਸਲ ਸੂਬਾ ਸਰਕਾਰ ਹਰ ਸਾਲ ਸਿੱਖਾਂ ਦੇ ਸਭ ਤੋਂ ਵੱਡੇ ਤਿਉਹਾਰ ਹੋਲੇ-ਮੁਹੱਲੇ ਲਈ ਵਿਸ਼ੇਸ਼ ਪ੍ਰਬੰਧ ਕਰਦੀ ਹੈ। ਹੋਲਾ-ਮੁਹੱਲਾ 8 ਤੋਂ 10 ਮਾਰਚ ਤੱਕ ਜਾਰੀ ਰਹੇਗਾ। ਆਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਲਈ ਪੰਜਾਬ ਤੋਂ ਇਲਾਵਾ ਵਿਦੇਸ਼ਾਂ ਤੇ ਹੋਰ ਸੂਬਿਆਂ ਤੋਂ ਸੰਗਤਾਂ ਆਉਂਦੀਆਂ ਹਨ। ਸਾਰੇ ਪ੍ਰਬੰਧਾਂ ਤੇ ਸਹੂਲਤਾਂ ਦੀ ਜ਼ਿੰਮੇਵਾਰੀ ਵੱਖ-ਵੱਖ ਅਧਿਕਾਰੀਆਂ ਨੂੰ ਸੌਂਪੀ ਗਈ ਹੈ।