03/29/2024 8:00 AM

ਸਿੱਧੂ ਮੂਸੇਵਾਲਾ ਕਤਲ ਕੇਸ ਨੂੰ ਦਬਾਇਆ ਜਾ ਰਿਹਾ! ਵਿਧਾਨ ਸਭਾ ਬਾਹਰ ਧਰਨੇ ‘ਤੇ ਬੈਠੇ ਮਾਪੇ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪੇ ਇਨਸਾਫ ਦੀ ਮੰਗ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨੇ ‘ਤੇ ਬੈਠ ਗਏ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਇਸ ਵੇਲੇ ਜੋ ਵੀ ਹੋ ਰਿਹਾ ਹੈ, ਉਹ ਉਨ੍ਹਾਂ ਪੁੱਤਰ ਦੇ ਕਤਲ ਕੇਸ ਨੂੰ ਦਬਾਉਣ ਲਈ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੇਰੇ ਹੱਕ ‘ਚ ਕੁਝ ਵੀ ਨਹੀਂ ਜਾ ਰਿਹਾ, ਜਿਸ ਕਾਰਨ ਮੈਂ ਵਿਧਾਨ ਸਭਾ ਦੇ ਬਾਹਰ ਧਰਨੇ ‘ਤੇ ਬੈਠਣ ਲਈ ਮਜਬੂਰ ਹਾਂ। ਮੇਰਾ ਪੁੱਤਰ ਵਿਸ਼ਵ ਪ੍ਰਸਿੱਧ ਹਸਤੀ ਸੀ। ਦੁਨੀਆਂ ਵਿੱਚ ਗੁੱਸਾ ਹੈ ਪਰ ਸਾਡੀ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ। ਉਨ੍ਹਾਂ ਕਿਹਾ ਕਿ ਅਜੇ ਤੱਕ ਕੁਝ ਨਹੀਂ ਹੋਇਆ। ਸਿਰਫ ਗੋਲੀ ਚਲਾਉਣ ਵਾਲਿਆਂ ਨੂੰ ਹੀ ਫੜਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਗ੍ਰਿਫਤਾਰ ਲੋਕ ਮਾਰੇ ਜਾ ਰਹੇ ਹਨ। ਇਸ ਤਰ੍ਹਾਂ ਗਵਾਹੀਆਂ ਖਤਮ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜੇ ਚਲਾਨ ਵੀ ਪੇਸ਼ ਨਹੀਂ ਕੀਤਾ ਗਿਆ। ਜਦੋਂ ਕੋਈ ਸਿਆਸੀ ਆਗੂ ਮਾਰਿਆ ਜਾਂਦਾ ਹੈ ਤਾਂ ਹਰ ਕੋਈ ਫੜਿਆ ਜਾਂਦਾ ਹੈ ਪਰ ਮੇਰਾ ਬੇਟਾ ਮਾਰਿਆ ਗਿਆ, ਸਿਰਫ ਗੋਲੀ ਚਲਾਉਣ ਵਾਲਿਆਂ ਨੂੰ ਹੀ ਫੜਿਆ ਗਿਆ ਹੈ। ਸਾਜ਼ਿਸ਼ ਰਚਣ ਵਾਲਿਆਂ ਨੂੰ ਨਹੀਂ ਫੜਿਆ ਗਿਆ।

ਇਸ ਦੌਰਾਮ ਬਲਕੌਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਵਿਧਾਨ ਸਭਾ ਚੱਲਦੀ ਰਹੇਗੀ, ਮੈਂ ਹਰ ਰੋਜ਼ ਰੋਸ ਪ੍ਰਦਰਸ਼ਨ ‘ਤੇ ਬੈਠਾਂਗਾ। ਉਨ੍ਹਾਂ ਕਿਹਾ ਕਿ 11 ਮਹੀਨੇ ਹੋ ਗਏ ਹਨ, ਅੱਜ ਤੱਕ ਸਿੱਧੂ ਕਤਲ ਕੇਸ ਦਾ ਚਲਾਨ ਪੇਸ਼ ਨਹੀਂ ਹੋਇਆ। ਅਸੀਂ ਇੱਕ ਆਜ਼ਾਦ ਦੇਸ਼ ਵਿੱਚ ਰਹਿੰਦੇ ਹਾਂ ਤੇ ਸਾਡੇ ਨਾਲ ਕੀ ਹੋ ਰਿਹਾ ਹੈ। ਸਾਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਕਿ ਸਾਨੂੰ 25 ਅਪ੍ਰੈਲ ਤੋਂ ਪਹਿਲਾਂ ਜਾਨੋਂ ਮਾਰ ਦਿੱਤਾ ਜਾਏਗਾ।

ਉਨ੍ਹਾਂ ਕਿਹਾ ਕਿ ਜੋਧਪੁਰ ਤੋਂ ਫੜਿਆ ਗਿਆ ਵਿਅਕਤੀ ਕਹਿ ਰਿਹਾ ਹੈ ਕਿ ਉਹ ਨਾਬਾਲਗ ਹੈ। ਇਹ ਸਰਕਾਰ ਕੀ ਕਰੇਗੀ ਜੇ ਨਾਬਾਲਗ ਮੈਨੂੰ ਗੋਲੀ ਮਾਰ ਕੇ ਚਲਾ ਗਿਆ। ਉਨ੍ਹਾਂ ਕਿਹਾ ਕਿ ਜਿਸ ਦਿਨ ਸਰਕਾਰ ਬਦਲੀ, ਮੇਰਾ ਪੁੱਤਰ ਮੇਰੇ ਕੋਲੋਂ ਖੋਹ ਲਿਆ ਗਿਆ। ਜਦੋਂ ਤੱਕ ਕਾਂਗਰਸ ਦੀ ਸਰਕਾਰ ਸੀ, ਮੇਰਾ ਪੁੱਤਰ ਸੁਰੱਖਿਅਤ ਸੀ। ਇਸ ਸਰਕਾਰ ਨੇ ਮੇਰੇ ਤੋਂ ਸਭ ਕੁਝ ਖੋਹ ਲਿਆ। ਸਿੱਧੂ ਦੀ ਮਾਤਾ ਚਰਨ ਕੌਰ ਵੀ ਵਿਧਾਨ ਸਭਾ ਦੇ ਬਾਹਰ ਧਰਨੇ ‘ਤੇ ਬੈਠੇ ਹਨ।