ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ‘ਚ ਸ਼ਨੀਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਨੈਸ਼ਨਲ ਹਾਈਵੇਅ-44 ‘ਤੇ ਜੇਹਲਮ ਪੁਲ ਨੇੜੇ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਇਕ ਬੱਸ ਪਲਟ ਗਈ। ਇਸ ਹਾਦਸੇ ‘ਚ 4 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ, ਜਦਕਿ ਕਈ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਇਸ ਸੜਕ ਹਾਦਸੇ ‘ਚ ਮਾਰੇ ਗਏ ਚਾਰੇ ਯਾਤਰੀ ਬਿਹਾਰ ਦੇ ਰਹਿਣ ਵਾਲੇ ਸਨ।
ਸਥਾਨਕ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਰਾਸ਼ਟਰੀ ਰਾਜਮਾਰਗ-44 ‘ਤੇ ਇਕ ਬੱਸ ਪਲਟ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਅਤੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਦੌਰਾਨ 3 ਲੋਕਾਂ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਇਕ ਯਾਤਰੀ ਦੀ ਇਲਾਜ ਦੌਰਾਨ ਮੌਤ ਹੋ ਗਈ। ਅਧਿਕਾਰੀ ਮੁਤਾਬਕ ਸਾਰੇ ਜ਼ਖਮੀ ਯਾਤਰੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ‘ਚ ਕੁਝ ਯਾਤਰੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਪੁਲਿਸ ਨੇ ਘਟਨਾ ਦਾ ਨੋਟਿਸ ਲੈਂਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਚਾਰੇ ਮ੍ਰਿਤਕ ਬਿਹਾਰ ਦੇ ਰਹਿਣ ਵਾਲੇ
ਇਸ ਸੜਕ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਦੀ ਪਛਾਣ ਕਰ ਲਈ ਗਈ ਹੈ। ਚਾਰੇ ਮ੍ਰਿਤਕ ਬਿਹਾਰ ਦੇ ਰਹਿਣ ਵਾਲੇ ਹਨ। ਜਿਸ ਵਿੱਚ ਰਾਜ ਕਰਨ ਦਾਸ ਪੁੱਤਰ ਸ਼ਿਵੂ ਸਿੰਘਾਰੀ ਗੋਬਿੰਦਪੁਰ ਕਿਸ਼ਨਗੰਜ, ਖਾਟੀਆ ਪਿਚੀਆ, ਨਸਰੂਦੀਨ ਅੰਸਾਰੀ ਪੁੱਤਰ ਇਸਲਾਮ ਅੰਸਾਰੀ ਖੈਰਵਾ ਤੋਲਾ ਪੱਕੜੀ ਹਰਦੀਤੇਰਾ ਪੱਛਮੀ ਚੰਪਾਰਨ, ਕੈਸਰ ਆਲਮ ਪੁੱਤਰ ਮਜਕੁਰਲ ਵਾਸੀ ਬੀਰਨਗਰ ਸ਼ਰੀਫਨਗਰ ਬਰਸੋਈਖਾਤ, ਕਟਿਹਾਰ ਅਤੇ ਸਲੀਮ ਅਲੀ ਪੁੱਤਰ ਸਵ. ਮੁਹੰਮਦ ਅਲਾਉਦੀਨ ਹਕੀਮਨਗਰ ਚਿਲਹਾਪਾੜਾ, ਕਟਿਹਾਰ।