ਮੌਸਮ ਵਿਭਾਗ ਅਨੁਸਾਰ ਪੰਜਾਬ ਵਿਚ ਅਗਲੇ ਕੁਝ ਦਿਨ ਬਾਰਸ਼ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ 21 ਤੇ 22 ਮਾਰਚ ਨੂੰ ਹਲਕਾ ਅਤੇ 23 ਤੇ 24 ਨੂੰ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ। ਇਸ ਦੇ ਨਾਲ ਹੀ 40 ਤੋਂ 50 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।
ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਵਿਚ ਪਿਛਲੇ ਤਿੰਨ-ਚਾਰ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਤੋਂ ਬਾਅਦ ਕੱਲ੍ਹ ਦੁਪਹਿਰ ਸਮੇਂ ਪਏ ਗੜਿਆਂ, ਮੀਂਹ ਅਤੇ ਤੇਜ਼ ਹਵਾਵਾਂ ਨੇ ਖੇਤਾਂ ਵਿਚ ਤਿਆਰ ਖੜ੍ਹੀ ਹਾੜੀ ਦੀ ਫਸਲ ਡੇਗ ਦਿੱਤੀ।
ਮੀਂਹ ਤੇ ਤੇਜ਼ ਹਵਾਵਾਂ ਕਰਕੇ ਪੱਕੀ ਹੋਈ ਫਸਲ ਹੇਠਾਂ ਡਿੱਗ ਗਈ ਹੈ। ਇਸ ਨਾਲ ਕਣਕ ਦਾ ਦਾਣਾ ਸੁੰਗੜ ਸਕਦਾ ਹੈ ਅਤੇ ਫਸਲ ਦੇ ਝਾੜ ’ਤੇ ਵੀ ਅਸਰ ਦੇਖਣ ਨੂੰ ਮਿਲੇਗਾ। ਕਿਸਾਨਾਂ ਦਾ ਦੱਸਣਾ ਹੈ ਕਿ ਤੇਜ਼ ਮੀਂਹ ਪੈਣ ਕਰਕੇ ਖੇਤ ਪਾਣੀ ਵਿਚ ਡੁੱਬ ਗਏ ਹਨ ਜੋ ਫਸਲ ਲਈ ਨੁਕਸਾਨਦਾਇਕ ਸਾਬਤ ਹੋਵੇਗਾ। ਮੀਂਹ ਦਾ ਫਲ ਤੇ ਸਬਜ਼ੀਆਂ ਦੀ ਫਸਲ ’ਤੇ ਵੀ ਅਸਰ ਪਵੇਗਾ।
ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਪਟਿਆਲਾ ਸ਼ਹਿਰ ਵਿਚ ਕੱਲ੍ਹ ਸਭ ਤੋਂ ਵੱਧ 28 ਐੱਮਐੱਮ ਮੀਂਹ ਪਿਆ ਹੈ। ਇਸੇ ਤਰ੍ਹਾਂ ਰਾਜਧਾਨੀ ਚੰਡੀਗੜ੍ਹ ਵਿਚ 18.5 ਐਮਐਮ, ਮੁਹਾਲੀ, ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਠਾਨਕੋਟ, ਬਰਨਾਲਾ ਤੇ ਫਿਰੋਜ਼ਪੁਰ ਸਣੇ ਸੂਬੇ ਦੇ ਹੋਰਨਾਂ ਇਲਾਕਿਆਂ ਵਿਚ ਵੀ ਭਾਰੀ ਮੀਂਹ ਪਿਆ ਹੈ। ਮੀਂਹ ਅਤੇ ਠੰਢੀਆਂ ਹਵਾਵਾਂ ਚੱਲਣ ਕਰਕੇ ਦੋਵਾਂ ਸੂਬਿਆਂ ਵਿਚ ਤਾਪਮਾਨ ਵੀ ਆਮ ਨਾਲੋਂ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਹੇਠਾਂ ਡਿੱਗ ਗਿਆ।
ਆਈਐਮਡੀ ਦੇ ਵਿਗਿਆਨੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਮਹੀਨੇ ਦੀ ਸ਼ੁਰੂਆਤ ਵਿਚ ਜਿੱਥੇ ਸਾਫ਼ ਆਸਮਾਨ ਦੇਖਿਆ ਗਿਆ ਅਤੇ ਮੀਂਹ ਨਹੀਂ ਪਿਆ। ਇਸ ਦੇ ਨਾਲ ਹੀ ਦੋ ਵੈਸਟਰਨ ਡਿਸਟਰਬੈਂਸ ਪਹਿਲਾਂ ਹੀ ਦਰਜ ਕੀਤੇ ਜਾ ਚੁੱਕੇ ਹਨ। ਇਸ ਦੇ ਨਾਲ ਹੀ 23 ਤੋਂ 25 ਮਾਰਚ ਦਰਮਿਆਨ ਇਕ ਹੋਰ ਪੱਛਮੀ ਗੜਬੜੀ ਦੀ ਸੰਭਾਵਨਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਪੱਛਮੀ ਗੜਬੜੀ ਦਾ ਪ੍ਰਭਾਵ ਮੰਗਲਵਾਰ ਤੱਕ ਜਾਰੀ ਰਹੇਗਾ। ਅਸਮਾਨ ਵਿੱਚ ਬੱਦਲ ਛਾਏ ਰਹਿਣਗੇ ਅਤੇ ਬਾਰਿਸ਼ ਨਾਲ ਤਾਪਮਾਨ ਕੰਟਰੋਲ ਵਿੱਚ ਰਹੇਗਾ। ਅਸੀਂ ਵੀਰਵਾਰ ਤੋਂ ਅਗਲੇ ਵੈਸਟਰਨ ਡਿਸਟਰਬੈਂਸ ਦਾ ਪ੍ਰਭਾਵ ਦੇਖਣਾ ਸ਼ੁਰੂ ਕਰ ਦੇਵਾਂਗੇ, ਜਿਸ ਕਾਰਨ ਸ਼ੁੱਕਰਵਾਰ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਨੂੰ ਹਲਕੀ ਬਾਰਿਸ਼ ਲਈ ਪਹਿਲਾਂ ਹੀ ਯੈਲੋ ਚਿਤਾਵਨੀ ਹੈ।