ਇੰਸਪੈਕਟਰ ਜਨਰਲ ਆਫ ਪੁਲਸ ਗੁਰਪ੍ਰੀਤ ਸਿੰਘ ਭੁੱਲਰ ਦੇ ਹੁਕਮਾਂ ਅਨੁਸਾਰ ਅਤੇ ਸੀਨੀਅਰ ਕਪਤਾਨ ਪੁਲਸ ਡਾ. ਸੰਦੀਪ ਗਰਗ ਦੀ ਅਗਵਾਈ ਅਧੀਨ ਜ਼ਿਲ੍ਹਾ ਮੋਹਾਲੀ ‘ਚ ਚੱਲ ਰਹੇ ਧਰਨੇ ਅਤੇ ਆਈ. ਪੀ. ਐੱਲ. ਮੈਚ ਸਬੰਧੀ ਡਿਊਟੀ ਨੂੰ ਸਹੀ ਢੰਗ ਨਾਲ ਨਿਭਾਇਆ ਜਾ ਰਿਹਾ ਹੈ, ਤਾਂ ਜੋ ਮੈਚ ਨੂੰ ਸ਼ਾਤੀ ਪੂਰਵਕ ਕਰਵਾਇਆ ਜਾ ਸਕੇ। 13 ਅਪ੍ਰੈਲ ਨੂੰ ਹੋਣ ਵਾਲੇ ਆਈ. ਪੀ. ਐੱਲ. ਮੈਚ ਸਬੰਧੀ ਸਟੇਡੀਅਮ ਦੇ ਅੰਦਰ ਅਤੇ ਬਾਹਰ ਦੋਵਾਂ ਥਾਵਾਂ ’ਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਸੀਨੀਅਰ ਅਫ਼ਸਰਾਂ ਵਲੋਂ ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ਨੂੰ ਨਾਗਰਿਕਾਂ ਨਾਲ ਚੰਗਾ ਵਿਵਹਾਰ ਕਰਨ ਅਤੇ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਹੋਰ ਸਪੈਸ਼ਲ ਯੂਨਿਟਾਂ ਨੂੰ ਵੀ ਮੈਚ ਡਿਊਟੀ ਲਈ ਤਾਇਨਾਤ ਕੀਤਾ ਗਿਆ, ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ।
ਮੈਚ ਦੌਰਾਨ ਬੀ. ਸੀ. ਸੀ. ਆਈ. ਵਲੋਂ ਜਾਰੀ ਹਦਾਇਤਾਂ ਮੁਤਾਬਕ ਕਿਸੇ ਵੀ ਅਣਲੋੜੀਂਦੀ ਚੀਜ਼ ਨੂੰ ਸਟੇਡੀਅਮ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਪੀ. ਸੀ. ਏ. ਸਟੇਡੀਅਮ ਫੇਜ਼-9 ਦੇ ਆਸ-ਪਾਸ ਰਿਹਾਇਸ਼ੀ ਇਲਾਕਾ ਹੋਣ ਕਾਰਨ ਲੋਕਾਂ ਨੂੰ ਸਪੈਸ਼ਲ ਪਾਸ ਜਾਰੀ ਕੀਤੇ ਗਏ ਹਨ, ਤਾਂ ਜੋ ਆਪਣੇ ਘਰ ਜਾਣ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਅਮਨ-ਕਾਨੂੰਨ ਨੂੰ ਮੁੱਖ ਰੱਖਦਿਆਂ ਸੀਨੀਅਰ ਕਪਤਾਨ ਪੁਲਸ ਵਲੋਂ ਆਵਾਜਾਈ ਸਬੰਧੀ ਵੀ ਜ਼ਿਲ੍ਹੇ ਭਰ ‘ਚ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਆਵਾਜਾਈ ਨੂੰ ਨਿਰਵਿਘਣ ਚਲਾਉਣ ਅਤੇ ਸੁਰੱਖਿਆ ਅਤੇ ਆਵਾਜਾਈ ਦੇ ਪੁਖ਼ਤਾ ਇੰਤਜ਼ਾਮ ਯਕੀਨੀ ਬਣਾਉਣ ਲਈ ਟ੍ਰੈਫਿਕ ਡਾਇਵਰਟ ਕੀਤੀ ਗਈ ਹੈ।
ਇਹ ਹੈ ਰੂਟ ਪਲਾਨ
ਮਦਨਪੁਰ ਚੌਂਕ ਤੋਂ ਆਉਣ ਵਾਲੀ ਟ੍ਰੈਫਿਕ 3-7 ਲਾਈਟਾਂ ਰਾਹੀਂ ਚਾਵਲਾ ਚੌਂਕ ਤੋਂ ਹੁੰਦੀ ਹੋਈ ਡਾਇਵਰਟ ਹੋਵੇਗੀ।
3-5 ਲਾਈਟਾਂ ਤੋਂ ਆਉਣ ਵਾਲੀ ਟ੍ਰੈਫਿਕ ਪੀ. ਸੀ. ਐੱਲ. ਚੌਂਕ ਰਾਹੀਂ ਰਾਧਾ ਸੁਆਮੀ ਚੌਂਕ ਵੱਲ ਜਾਵੇਗੀ।
ਨਾਕਾ ਚਾਵਲਾ ਚੌਂਕ 3/7 ਅਤੇ 3/5 ਚੌਂਕ ਤੋਂ ਆਉਣ ਵਾਲੀ ਟ੍ਰੈਫਿਕ ਸੈਕਟਰ-70 ਮੋਹਾਲੀ ਵਲੋਂ ਜਾਵੇਗੀ।
ਨਾਕਾ ਲਾਇਬ੍ਰੇਰੀ ਚੌਂਕ ਫੇਜ਼-7 ਦੀ ਅੰਦਰੂਨੀ ਟ੍ਰੈਫਿਕ ਆਈ. ਸੀ. ਏ. ਆਈ. ਇੰਸਟੀਚਿਊਟ ਰਾਹੀਂ ਕੁੰਬੜਾ ਚੌਂਕ ਵੱਲ ਮੋੜੀ ਜਾਵੇਗੀ।
ਨਾਕਾ ਰਵਿਦਾਸ ਭਵਨ ਚੰਡੀਗੜ੍ਹ ਤੋਂ ਆਉਣ ਵਾਲੀ ਟ੍ਰੈਫਿਕ ਸਕੂਟਰ ਮਾਰਕਿਟ ਫੇਜ਼-7 ਰਾਹੀਂ ਡਾਇਵਰਟ ਕੀਤੀ ਜਾਵੇਗੀ।
ਆਈ. ਸੀ. ਏ. ਆਈ ਇੰਸਟੀਚਿਊਟ ਨਾਕੇ ਵਾਲੀ ਫੋਰਸ ਰਾਹੀਂ ਟ੍ਰੈਫਿਕ ਕੁੰਬੜਾ ਚੌਂਕ ਤੋਂ ਸੈਕਟਰ-70 ਵੱਲ ਮੋੜੀ ਜਾਵੇਗੀ।
ਕੁੰਬੜਾ ਚੌਂਕ ਤੋਂ ਟ੍ਰੈਫਿਕ ਅੰਬਾਂ ਵਾਲੇ ਚੌਂਕ ਨੂੰ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਡਾਇਰੈਕਟਰ ਜਨਰਲ ਆਫ ਪੁਲਸ ਦੇ ਹੁਕਮਾਂ ਅਨੁਸਾਰ ਸੀਨੀਅਰ ਕਪਤਾਨ ਪੁਲਸ ਪਟਿਆਲਾ ਵਰੁਣ ਸ਼ਰਮਾ ਨੂੰ ਵੀ ਆਈ. ਪੀ. ਐੱਲ. ਮੈਚ ਸ਼ਾਤੀਪੂਰਵਕ ਕਰਵਾਉਣ ਅਤੇ ਲਾਅ ਐਂਡ ਆਰਡਰ ਲਈ ਜ਼ਿਲ੍ਹਾ ਮੋਹਾਲੀ ਵਿਖੇ ਤਾਇਨਾਤ ਕੀਤਾ ਗਿਆ ਹੈ। ਕਪਤਾਨ ਪੁਲਸ ਸ਼ਹਿਰੀ ਜ਼ਿਲ੍ਹਾ ਮੋਹਾਲੀ ਵੀ ਅਮਨ-ਕਾਨੂੰਨ ਸਬੰਧੀ ਨਿਗਰਾਨੀ ਬਣਾ ਕੇ ਰੱਖਣਗੇ, ਤਾਂ ਜੋ ਟ੍ਰੈਫਿਕ ਨਿਯਮਾਂ ‘ਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਦਾ ਸਾਹਮਣੇ ਨਾ ਕਰਨਾ ਪਵੇ।