ਗੜ੍ਹਸ਼ੰਕਰ ‘ਚ ਬੁੱਧਵਾਰ ਦੇਰ ਰਾਤ ਸ੍ਰੀ ਖੁਰਾਲਗੜ੍ਹ ਸਾਹਿਬ (ਬੱਸੀ) ਵਿਖੇ ਵਾਪਰੇ ਇੱਕ ਸੜਕ ਹਾਦਸ਼ੇ ਦੌਰਾਨ 7 ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਹੈ। ਇਸ ਹਾਦਸੇ ਵਿੱਚ ਇੱਕ ਪਰਿਵਾਰ ਦੇ 5 ਵਿਅਕਤੀ ਮ੍ਰਿਤਕ ਦੱਸੇ ਜਾ ਰਹੇ ਹਨ। ਹਾਦਸੇ ਵਿੱਚ ਐਸਡੀਐਮ ਗੜ੍ਹਸ਼ੰਕਰ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਾਸਲ ਜਾਣਕਾਰੀ ਅਨੁਸਾਰ ਵਿਸਾਖੀ ਮੌਕੇ ਪਹੁੰਚੀ ਸੰਗਤ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਚਰਨਛੋਹ ਗੰਗਾ ਵੱਲ ਪੈਦਲ ਦਰਸ਼ਨ ਕਰਨ ਜਾ ਰਹੇ ਸਨ। ਇਸ ਦੌਰਾਨ ਪਿੱਛੇ ਤੋਂ ਆ ਰਿਹਾ ਇੱਕ ਟਰੱਕ ਸ਼ਰਧਾਲੂਆਂ ਉੱਪਰ ਜਾ ਚੜ੍ਹ ਗਿਆ ਜਿਸ ਕਾਰਨ 4 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 13 ਗੰਭੀਰ ਜ਼ਖਮੀ ਹੋ ਗਏ।
ਜ਼ਖ਼ਮੀਆਂ ਨੂੰ ਪ੍ਰਬੰਧਕਾਂ ਵੱਲੋਂ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਪਹੁੰਚਾਇਆ ਗਿਆ ਜਿੱਥੇ ਤਿੰਨ ਹੋਰ ਵਿਅਕਤੀ ਦਮ ਤੋੜ ਗਏ। ਪੰਜ ਗੰਭੀਰ ਜ਼ਖ਼ਮੀ ਵਿਅਕਤੀਆਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਮ੍ਰਿਤਕਾਂ ਵਿੱਚ ਰਾਹੁਲ ਪੁੱਤਰ ਮਹਿ ਪਾਲ (25), ਸੁਦੇਸ਼ ਪਾਲ ਪੁੱਤਰ ਰਾਮ ਫਲ (48), ਰਮੋ ਪੁੱਤਰੀ ਸ਼ਿਸ ਪਾਲ (15), ਗੀਤਾ ਦੇਵੀ ਪਤਨੀ ਪੁਸ਼ਪਿੰਦਰ ਕੁਮਾਰ (40), ਉੱਨਤੀ ਪੁੱਤਰੀ ਪੁਸ਼ਪਿੰਦਰ ਕੁਮਾਰ (16), ਸ਼ਾਮੋ ਦੇਵੀ ਤੇ ਸੰਤੋਸ਼ ਦੇਵੀ ਆਦਿ ਸਾਰੇ ਵਾਸੀ ਮੁਜ਼ੱਫਰਨਗਰ ਯੂਪੀ ਹਾਲ ਵਾਸੀ ਜਿੰਦਲਪੁਰ ਭਾਦਸੋਂ ਸ਼ਾਮਲ ਹਨ।